ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ , 12 ਨਵੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਸਕੂਲਾਂ ਦੇ ਵਿਦਿਆਰਥੀਆਂ ਦਾ ਖਾਲਸਾਈ ਖੇਡ ਉਤਸਵ ਸਥਾਨਕ ਭਾਈ ਨੰਦ ਲਾਲ ਪਬਲਿਕ ਸਕੂਲ ਵਿਖੇ 15, 16 ਤੇ 17 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਖੇਡਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ 52 ਸਕੂਲਾਂ ਦੇ ਤਕਰੀਬਨ ਚਾਰ ਹਜ਼ਾਰ ਦੇ ਕਰੀਬ ਵਿਦਿਆਰਥੀ ਖ਼ਾਲਸਾਈ ਬਾਣੇ ਦੇ ਵਿੱਚ ਖ਼ਾਲਸਾਈ ਖੇਡਾਂ ਖੇਡਣਗੇ। ਕਮੇਟੀ ਦੇ ਮੁੱਖ ਬੁਲਾਰੇ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਸਕੱਤਰ ਵਿੱਦਿਆ ਸੁਖਮਿੰਦਰ ਸਿੰਘ ਉਨ੍ਹਾਂ ਦੱਸਿਆ ਕਿ 15 ਤੋਂ ਨਵੰਬਰ ਨੂੰ ਸ਼ੁਰੂ ਹੋਣ ਵਾਲੀਆਂ ਇਨ੍ਹਾਂ ਖੇਡਾਂ ਦਾ ਰਸਮੀ ਆਗਾਜ਼ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਰਨਗੇ। ਖੇਡਾਂ ਦੇ ਦੂਜੇ ਦਿਨ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ 17 ਨਵੰਬਰ ਨੂੰ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਨਗੇ। ਇਸ ਮੌਕੇ ਭਾਈ ਨੰਦ ਲਾਲ ਸਕੂਲ ਦੇ ਪ੍ਰਿੰਸੀਪਲ ਸਤਨਾਮ ਸਿੰਘ, ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ.ਜਸਵੀਰ ਸਿੰਘ, ਖ਼ਾਲਸਾ ਕਾਲਜ ਪੰਜੋਖੜਾ ਸਾਹਿਬ ਦੇ ਪ੍ਰਿੰਸੀਪਲ ਡਾ. ਸੁਖਦੇਵ ਸਿੰਘ, ਡਾ. ਵਿਕਰਮਜੀਤ ਸਿੰਘ, ਡਾ. ਅਮਨਪ੍ਰੀਤ ਸਿੰਘ, ਪ੍ਰੋਫੈਸਰ ਚਰਨਜੀਤ ਸਿੰਘ, ਡੀ.ਪੀ ਸਰਬਜੀਤ ਸਿੰਘ ਅਤੇ ਸਤੀਸ਼ ਕੁਮਾਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।