ਅਹਿਮਦਾਬਾਦ/ਦਿੱਲੀ, 16 ਨਵੰਬਰ
ਗੁਜਰਾਤ ਦੀ ਸੂਰਤ ਪੂਰਬੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੀ ਉਮੀਦਵਾਰ ਕੰਚਨ ਜਰੀਵਾਲਾ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ, ਜਿਸ ਤੋਂ ਬਾਅਦ ‘ਆਪ’ ਨੇ ਦੋਸ਼ ਲਾਇਆ ਕਿ ਭਾਜਪਾ ਨੇ ਜਰੀਵਾਲਾ ਨੂੰ ਅਗਵਾ ਕਰ ਲਿਆ ਅਤੇ ਉਸ ‘ਤੇ ਨਾਮਜ਼ਦਗੀ ਵਾਪਸ ਲੈਣ ਲਈ ਦਬਾਅ ਪਾਇਆ। ਭਾਜਪਾ ਨੇ ਇਸ ਦੋਸ਼ ਦਾ ਖੰਡਨ ਕੀਤਾ ਹੈ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਜਰੀਵਾਲਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਮੰਗਲਵਾਰ ਤੋਂ ਲਾਪਤਾ ਹਨ। ‘ਆਪ’ ਦੀ ਸੂਬਾ ਇਕਾਈ ਦੇ ਪ੍ਰਧਾਨ ਗੋਪਾਲ ਇਟਾਲੀਆ ਨੇ ਦਾਅਵਾ ਕੀਤਾ ਕਿ ਜਰੀਵਾਲਾ ਸੱਤਾਧਾਰੀ ਪਾਰਟੀ ਦੇ ਦਬਾਅ ਹੇਠ ਆਪਣੀ ਉਮੀਦਵਾਰੀ ਵਾਪਸ ਲੈਣ ਲਈ ਅੱਜ ਭਾਰੀ ਪੁਲੀਸ ਸੁਰੱਖਿਆ ਵਿਚਕਾਰ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਪੁੱਜੇ ਸਨ ਅਤੇ ਉਨ੍ਹਾਂ ਨੂੰ ‘ਭਾਜਪਾ ਦੇ ਗੁੰਡਿਆਂ’ ਨੇ ਘੇਰ ਲਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਮੀਡੀਆ ਨੇ ਜਰੀਵਾਲਾ ਤੋਂ ਪੁੱਛ ਪੜਤਾਲ ਕੀਤੀ ਤਾਂ ਆਸ-ਪਾਸ ਦੇ ਲੋਕ ਉਨ੍ਹਾਂ ਨੂੰ ਤੁਰੰਤ ਲੈ ਗਏ।