ਨਵੀਂ ਦਿੱਲੀ, 16 ਨਵੰਬਰ
ਸ਼ਰਧਾ ਵਾਕਰ ਕਤਲ ਕੇਸ ਦੀ ਜਾਂਚ ਵਿਚ ਡੂੰਘਾਈ ਨਾਲ ਕਰਦਿਆਂ ਦਿੱਲੀ ਪੁਲੀਸ ਨੂੰ ਮੁਲਜ਼ਮ ਆਫ਼ਤਾਬ ਅਮੀਨ ਪੂਨਾਵਾਲਾ ਦੇ ਦਿੱਲੀ ਦੇ ਛੱਤਰਪੁਰ ਸਥਿਤ ਫਲੈਟ ਦੀ ਰਸੋਈ ਵਿਚ ਖੂਨ ਦੇ ਧੱਬੇ ਮਿਲੇ ਹਨ। ਇਹ ਪਤਾ ਲਗਾਉਣ ਲਈ ਖੂਨ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਕਿ ਇਹ ਕਿਸ ਦਾ ਖੂਨ ਹੈ। ਸੂਤਰਾਂ ਅਨੁਸਾਰ ਪੁਲੀਸ ਵੱਲੋਂ ਪੀੜਤਾ ਦੇ ਪਿਤਾ ਨੂੰ ਡੀਐੱਨਏ ਟੈਸਟ ਲਈ ਬੁਲਾਏ ਜਾਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਖੂਨ ਦੇ ਨਮੂਨੇ ਅਤੇ ਹੱਡੀਆਂ ਦੇ ਨਮੂਨੇ ਨੂੰ ਮਿਲਾਨ ਲਈ ਫੋਰੈਂਸਿਕ ਲਾਈਟ ਸੋਰਸ (ਐੱਫਐੱਲਐੱਸ) ਕੋਲ ਭੇਜਿਆ ਜਾਵੇਗਾ। ਮੁਲਜ਼ਮ ਨੇ ਸ਼ਰਧਾ ਦੀ ਲਾਸ਼ ਫਰਿੱਜ ਵਿੱਚ ਰੱਖੀ ਤੇ ਉਸ ਨੇ ਫੜੇ ਜਾਣ ਦੀ ਸੂਰਤ ਵਿੱਚ ਫੋਰੈਂਸਿਕ ਜਾਂਚ ਨੂੰ ਧੋਖਾ ਦੇਣ ਲਈ ਕੈਮੀਕਲ ਦੀ ਵਰਤੋਂ ਕਰਕੇ ਫਰਿੱਜ ਨੂੰ ਸਾਫ਼ ਕਰ ਦਿੱਤਾ ਸੀ। ਹੁਣ ਤੱਕ ਦੀ ਜਾਂਚ ‘ਚ ਪੁਲੀਸ ਨੂੰ ਸ਼ੱਕ ਹੈ ਕਿ ਹੱਤਿਆ ਤੋਂ ਬਾਅਦ ਸ਼ਰਧਾ ਦੀ ਲਾਸ਼ ਨੂੰ ਬਾਥਰੂਮ ‘ਚ 35 ਟੁਕੜਿਆਂ ‘ਚ ਕੱਟ ਦਿੱਤਾ ਗਿਆ ਸੀ ਤੇ ਨਾਲ ਹੀ ਉਹ ਫੁਹਾਰੇ ‘ਚੋਂ ਪਾਣੀ ਵੀ ਛੱਡਦਾ ਸੀ ਤਾਂ ਕਿ ਲਾਸ਼ ਨੂੰ ਆਸਾਨੀ ਨਾਲ ਕੱਟਿਆ ਜਾ ਸਕੇ ਅਤੇ ਖੂਨ ਸੀਵਰ ਵਿੱਚ ਵਹਿ ਜਾਵੇ।