ਆਜ਼ਮਗੜ੍ਹ, 21 ਨਵੰਬਰ
ਕਤਲ ਦੇ ਦੋਸ਼ ਹੇਠ ਐਤਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਪ੍ਰਿੰਸ ਯਾਦਵ ਪੁਲੀਸ ਨੂੰ ਦੱਸਿਆ ਕਿ ਪਿਆਰ ‘ਚ ਧੋਖੇ ਕਾਰਨ ਉਸ ਨੇ ਆਪਣੀ ਸਾਬਕਾ ਪ੍ਰੇਮਿਕਾ ਦਾ ਕਤਲ ਕੀਤਾ ਸੀ। ਮੁਲਜ਼ਮ ਪ੍ਰਿੰਸ ਯਾਦਵ ਨੂੰ ਉਸ ਦੀ ਸਾਬਕਾ ਪ੍ਰੇਮਿਕਾ ਆਰਾਧਨਾ ਦੀ ਹੱਤਿਆ ਕਰਨ ਅਤੇ ਲਾਸ਼ ਦੇ ਟੁਕੜੇ ਖੂਹ ਵਿੱਚ ਸੁੱਟਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਿੰਸ ਨੇ ਕਿਹਾ ਹੈ ਕਿ ਉਸ ਨੇ ”ਉਸਨੂੰ ਧੋਖਾ ਦਿੱਤਾ”” ਕਿਉਂਕਿ ਉਸ ਦੀ ਪ੍ਰੇਮਿਕਾ ਹੋਣ ਦੇ ਬਾਵਜੂਦ ਉਸ ਨੇ ਇਸ ਸਾਲ ਦੇ ਸ਼ੁਰੂ ਵਿੱਚ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਸੀ। ਦੱਸਣਯੋਗ ਹੈ ਕਿ ਪ੍ਰਿੰਸ ਲੰਘੀ 9 ਨਵੰਬਰ ਨੂੰ ਅਰਾਧਨਾ ਨੂੰ ਆਪਣੇ ਮੋਟਰਸਾਈਕਲ ‘ਤੇ ਬਿਠਾ ਕੇ ਮੰਦਰ ਲੈ ਗਿਆ ਸੀ ਅਤੇ ਆਪਣੇ ਭਰਾ (ਚਾਚੇ/ਤਾਏ ਦੇ ਬੇਟੇ) ਸਰਵੇਸ਼ ਦੀ ਮਦਦ ਨਾਲ ਕਮਾਦ ਦੇ ਖੇਤ ਵਿੱਚ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ। ਇਸ ਮਗਰੋਂ ਦੋਵਾਂ ਨੇ ਅਰਾਧਨਾ ਦੀ ਲਾਸ਼ ਦੇ ਛੇ ਟੁਕੜੇ ਕੀਤੇ ਅਤੇ ਪੌਲੀਥੀਨ ਦੇ ਬੈਗ ‘ਚ ਪਾ ਕੇ ਖੂਹ ਵਿੱਚ ਸੁੱਟ ਦਿੱਤੇ। ਇਹ ਮਾਮਲਾ 15 ਨਵੰਬਰ ਨੂੰ ਉਸ ਸਮੇਂ ਸਾਹਮਣੇ ਆਇਆ ਜਦੋਂ ਪੱੱਛਮੀ ਪਿੰਡ ਵਿੱਚ ਲੋਕਾਂ ਨੂੰ ਖੂਹ ਵਿਚੋਂ ਪੀੜਤਾ ਦੀ ਲਾਸ਼ ਦੇ ਟੁਕੜੇ ਮਿਲੇ। ਪ੍ਰਿੰਸ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਨੇ ਕਬੂਲਿਆ ਹੈ ਕਿ ਅਰਾਧਨਾ ਵੱਲੋਂ ਕਿਸੇ ਹੋਰ ਨਾਲ ਵਿਆਹ ਕਰਵਾਏ ਜਾਣ ਤੋਂ ਗੁੱਸੇ ਹੋ ਕੇ ਉਸ ਨੇ ਆਪਣੇ ਮਾਪਿਆਂ ਤੇ ਸਰਵੇਸ਼ ਦੀ ਮਦਦ ਨਾਲ ਅਰਾਧਨਾ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਆਜ਼ਮਗੜ੍ਹ ਦੇ ਐੱਸਪੀ ਅਨੁਰਾਗ ਆਰੀਆ ਨੇ ਦੱਸਿਆ ਕਿ ਸਾਜ਼ਿਸ਼ ਵਿੱਚ ਸ਼ਾਮਲ ਸਰਵੇਸ਼ ਤੇ ਯਾਦਵ ਪਰਿਵਾਰ ਦੇ ਹੋਰ ਮੈਂਬਰ ਹਾਲੇ ਫਰਾਰ ਹਨ। ਆਈਏਐੱਨਐੱਸ