ਨਵੀਂ ਦਿੱਲੀ, 25 ਨਵੰਬਰ
ਮਹਿਰੌਲੀ ਹੱਤਿਆ ਕਾਂਡ ਦੇ ਮੁਲਜ਼ਮ ਆਫ਼ਤਾਬ ਪੂਨਾਵਾਲਾ ਦਾ ਅੱਜ ਇੱਥੇ ਫੋਰੈਂਸਿਕ ਸਾਇੰਸ ਲੈਬਾਰਟਰੀ ਵਿੱਚ ਲਗਪਗ ਤਿੰਨ ਘੰਟੇ ਤੱਕ ਪੌਲੀਗ੍ਰਾਫ ਟੈਸਟ ਹੋਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਆਫਤਾਬ ‘ਤੇ ਆਪਣੀ ਲਿਵ-ਇਨ ਪਾਰਟਨਰ ਦੀ ਹੱਤਿਆ ਕਰ ਕੇ ਉਸ ਦੇ 35 ਟੁਕੜੇ ਕਰ ਕੇ ਵੱਖ ਵੱਖ ਥਾਵਾਂ ‘ਤੇ ਖਿੰਡਾਉਣ ਦਾ ਦੋਸ਼ ਹੈ। ਪੁਲੀਸ ਨੂੰ ਅਜੇ ਤੱਕ ਮ੍ਰਿਤਕ ਸ਼ਰਧਾ ਵਾਲਕਰ ਦੀ ਖੋਪੜੀ ਅਤੇ ਉਸ ਦੇ ਸਰੀਰ ਦੇ ਬਾਕੀ ਅੰਗ ਨਹੀਂ ਮਿਲੇ ਅਤੇ ਨਾ ਹੀ ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਬਰਾਮਦ ਹੋਇਆ ਹੈ। ਆਫ਼ਤਾਬ ਪੌਲੀਗ੍ਰਾਫ਼ ਦੇ ਆਪਣੇ ਤੀਜੇ ਸੈਸ਼ਨ ਲਈ ਇੱਥੇ ਰੋਹਿਣੀ ਸਥਿਤ ਫੋਰੈਂਸਿਕ ਸਾਇੰਸ ਲੈਬਾਰਟਰੀ ਵਿੱਚ ਸ਼ਾਮ ਚਾਰ ਵਜੇ ਪਹੁੰਚਿਆ ਅਤੇ 6.30 ਵਜੇ ਤੋਂ ਬਾਅਦ ਚਲਾ ਗਿਆ। -ਪੀਟੀਆਈ