ਐਡੀਲੇਡ: ਭਾਰਤੀ ਪੁਰਸ਼ ਹਾਕੀ ਟੀਮ ਭਲਕੇ ਸ਼ਨਿਚਰਵਾਰ ਨੂੰ ਇੱਥੇ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਵਿਸ਼ਵ ਦੀ ਨੰਬਰ ਇੱਕ ਟੀਮ ਆਸਟਰੇਲੀਆ ਨਾਲ ਭਿੜੇਗੀ। ਇਹ ਭਾਰਤੀ ਟੀਮ ਲਈ ਵਿਸ਼ਵ ਕੱਪ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਦਾ ਮੁਲਾਂਕਣ ਕਰਨ ਦਾ ਸ਼ਾਨਦਾਰ ਮੌਕਾ ਹੋਵੇਗਾ। ਲੰਮੇ ਸਮੇਂ ਤੋਂ ਹਾਕੀ ਵਿੱਚ ਦਬਦਬਾ ਬਣਾਈ ਰੱਖਣ ਵਾਲੀ ਆਸਟਰੇਲੀਆ ਨੂੰ ਚੁਣੌਤੀ ਦੇਣਾ ਭਾਰਤ ਲਈ ਹਮੇਸ਼ਾ ਮੁਸ਼ਕਲ ਰਿਹਾ ਹੈ। ਬਰਮਿੰਘਮ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ ਵਿੱਚ ਆਸਟਰੇਲੀਆ ਨੇ ਭਾਰਤ ਨੂੰ 7-0 ਨਾਲ ਹਰਾਇਆ ਸੀ। ਇਸ ਤੋਂ ਬਾਅਦ ਦੋਵੇਂ ਟੀਮਾਂ ਪਹਿਲੀ ਵਾਰ ਇੱਕ ਦੂਜੇ ਨਾਲ ਭਿੜਨਗੀਆਂ। ਭਾਰਤ ਦੇ ਕੋਚ ਰੀਡ ਨੇ ਕਿਹਾ, “ਵਿਸ਼ਵ ਕੱਪ ਦੀ ਤਿਆਰੀ ਲਈ ਆਸਟਰੇਲੀਆ ਤੋਂ ਵਧੀਆ ਹੋਰ ਕੋਈ ਥਾਂ ਨਹੀਂ ਹੋ ਸਕਦੀ।” ਇਸ ਲੜੀ ਲਈ ਭਾਰਤ ਦੀ ਕਪਤਾਨੀ ਹਰਮਨਪ੍ਰੀਤ ਸਿੰਘ ਕਰੇਗਾ ਅਤੇ ਅਮਿਤ ਰੋਹੀਦਸ ਨੂੰ ਉਪ ਕਪਤਾਨ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਜਰਮਨਪ੍ਰੀਤ ਸਿੰਘ, ਸੁਰੇਂਦਰ ਕੁਮਾਰ, ਜੁਗਰਾਜ ਸਿੰਘ, ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਸ਼ਮਸ਼ੇਰ ਸਿੰਘ, ਆਕਾਸ਼ਦੀਪ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਸੁਖਜੀਤ ਸਿੰਘ, ਕ੍ਰਿਸ਼ਨ ਬਹਾਦਰ ਪਾਠਕ, ਮਨਦੀਪ ਮੋਰ, ਨੀਲਮ ਸੰਜੀਪ, ਵਰੁਨ ਕੁਮਾਰ, ਸੁਮਿਤ ਅਤੇ ਹੋਰ ਖਿਡਾਰੀ ਟੀਮ ਵਿੱਚ ਸ਼ਾਮਲ ਹਨ। ਜਾਣਕਾਰੀ ਅਨੁਸਾਰ ਲੜੀ ਦਾ ਦੂਜਾ ਮੁਕਾਬਲਾ 27 ਨਵੰਬਰ, ਤੀਜਾ, 30, ਚੌਥਾ 3 ਦਸੰਬਰ ਅਤੇ ਆਖਰੀ ਮੁਕਾਬਲਾ 4 ਦਸੰਬਰ ਨੂੰ ਹੋਵੇਗਾ। -ਪੀਟੀਆਈ