ਅਲ ਰਯਾਨ (ਕਤਰ), 28 ਨਵੰਬਰ
ਮੁਹੰਮਦ ਕੁਦੂਸ ਦੇ ਦੋ ਗੋਲਾਂ ਦੀ ਬਦੌਲਤ ਘਾਨਾ ਨੇ ਅੱਜ ਇੱਥੇ ਗਰੁੱਪ ਐੱਚ ਦੇ ਆਪਣੇ ਮੈਚ ਵਿੱਚ ਦੱਖਣੀ ਕੋਰੀਆ ਨੂੰ 3-2 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਦੇ ਨਾਕਆਊਟ ਗੇੜ ‘ਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਰੱਖੀਆਂ। ਦੱਖਣੀ ਕੋਰੀਆ ਨੇ ਦੂਜੇ ਹਾਫ ‘ਚ ਸਖ਼ਤ ਟੱਕਰ ਦਿੱਤੀ ਪਰ ਉਸ ਦੀ ਘਾਨਾ ਦੇ ਸਾਹਮਣੇ ਇੱਕ ਨਾਲ ਚੱਲੀ।
ਪੁਰਤਗਾਲ ਖ਼ਿਲਾਫ਼ ਹਾਰ ਨਾਲ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਸ਼ੁਰੂ ਕਰਨ ਵਾਲੇ ਘਾਨਾ ਲਈ ਮੁਹੰਮਦ ਸਾਲਿਸੂ ਨੇ ਵੀ ਇੱਕ ਗੋਲ ਕੀਤਾ। ਕੋਰੀਆ ਦੀ ਟੀਮ ਜਦੋਂ 0-2 ਨਾਲ ਪਿੱਛੇ ਚੱਲ ਰਹੀ ਸੀ ਤਾਂ ਚੋ ਗਿਊ ਸੁੰਗ ਨੇ ਤਿੰਨ ਮਿੰਟ ਵਿੱਚ ਦੋ ਗੋਲ ਕਰ ਕੇ 2-2 ਦੀ ਬਰਾਬਰੀ ਕਰ ਲਈ। ਸਾਲਿਸੂ ਨੇ 24ਵੇਂ ਮਿੰਟ ਵਿੱਚ ਘਾਨਾ ਨੂੰ ਲੀਡ ਦਿਵਾਈ, ਜਿਸ ਤੋਂ ਬਾਅਦ ਕੁਦੂਸ ਨੇ 34ਵੇਂ ਮਿੰਟ ਵਿੱਚ ਇੱਕ ਹੋਰ ਗੋਲ ਕਰ ਕੇ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ। ਕੋਰੀਆ ਦੀ ਟੀਮ ਨੇ ਦੂਜੇ ਹਾਫ ‘ਚ ਬਿਹਤਰ ਖੇਡ ਦਿਖਾਈ। ਗਿਊ ਸੁੰਗ ਨੇ 58ਵੇਂ ਮਿੰਟ ਵਿੱਚ ਘਾਨਾ ਦੀ ਲੀਡ ਘਟਾਈ ਅਤੇ ਫਿਰ 61ਵੇਂ ਮਿੰਟ ਵਿੱਚ ਇੱਕ ਹੋਰ ਗੋਲ ਕਰ ਕੇ ਸਕੋਰ 2-2 ਨਾਲ ਬਰਾਬਰ ਕੀਤਾ। ਇਸ ਮਗਰੋਂ ਕੁਦੂਸ ਨੇ 68ਵੇਂ ਮਿੰਟ ਵਿੱਚ ਗੋਲ ਕਰ ਕੇ ਘਾਨਾ ਨੂੰ 3-2 ਨਾਲ ਅੱਗੇ ਕਰ ਦਿੱਤਾ, ਜੋ ਫੈਸਲਾਕੁਨ ਸਕੋਰ ਸਾਬਤ ਹੋਇਆ। ਮੈਚ ਦੇ ਆਖਰੀ ਮਿੰਟਾਂ ਵਿੱਚ ਘਾਨਾ ਨੇ ਰੱਖਿਆਤਮਕ ਰੁਖ ਅਪਣਾਇਆ। ਕੋਰੀਆ ਨੇ ਇਸ ਦੌਰਾਨ ਗੋਲ ਕਰਨ ਦੇ ਕਈ ਮੌਕੇ ਬਣਾਏ ਪਰ ਟੀਮ ਨੂੰ ਕੋਈ ਸਫਲਤਾ ਨਹੀਂ ਮਿਲੀ। ਘਾਨਾ ਦੀ ਜਿੱਤ ਵਿੱਚ ਗੋਲਕੀਪਰ ਲਾਰੈਂਸ ਐਟੀਜਿਗੀ ਨੇ ਅਹਿਮ ਭੂਮਿਕਾ ਨਿਭਾਈ। -ਏਪੀ