ਦੋਹਾ, 29 ਨਵੰਬਰ
ਆਪਣੇ ਸਟਾਰ ਸਟ੍ਰਾਈਕਰ ਨੇਮਾਰ ਤੋਂ ਬਿਨਾਂ ਉੱਤਰੀ ਬ੍ਰਾਜ਼ੀਲ ਦੀ ਟੀਮ ਨੇ ਸੋਮਵਾਰ ਦੇਰ ਰਾਤ ਫੀਫਾ ਵਿਸ਼ਵ ਕੱਪ ਦੇ ਮੈਚ ਵਿੱਚ ਸਵਿਟਜ਼ਰਲੈਂਡ ਨੂੰ 1-0 ਨਾਲ ਹਰਾ ਕੇ ਆਖਰੀ 16 ਵਿੱਚ ਥਾਂ ਬਣਾ ਲਈ ਹੈ। ਬ੍ਰਾਜ਼ੀਲ ਲਈ ਕੈਸੇਮੀਰੋ ਨੇ 83ਵੇਂ ਮਿੰਟ ‘ਚ ਗੋਲ ਕੀਤਾ। ਪੰਜ ਵਾਰ ਦੀ ਚੈਂਪੀਅਨ ਬ੍ਰਾਜ਼ੀਲ ਨੇ ਹਾਲੇ ਗਰੁੱਪ ਜੀ ਵਿੱਚ ਆਪਣਾ ਆਖਰੀ ਮੈਚ ਖੇਡਣਾ ਹੈ ਪਰ ਟੀਮ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ। ਬ੍ਰਾਜ਼ੀਲ ਦੇ ਪਹਿਲੇ ਮੈਚ ‘ਚ ਨੇਮਾਰ ਦੇ ਸੱਜੇ ਗਿੱਟੇ ‘ਤੇ ਸੱਟ ਲੱਗ ਗਈ ਸੀ ਅਤੇ ਟੀਮ ਦੇ ਹੋਟਲ ‘ਚ ਉਸ ਦਾ ਇਲਾਜ ਚੱਲ ਰਿਹਾ ਹੈ।
ਇਸ ਜਿੱਤ ਤੋਂ ਬਾਅਦ ਬ੍ਰਾਜ਼ੀਲ ਦੇ ਦੋ ਮੈਚਾਂ ਵਿੱਚ ਛੇ ਅਤੇ ਸਵਿਟਜ਼ਰਲੈਂਡ ਦੇ ਤਿੰਨ ਅੰਕ ਹੋ ਗਏ ਹਨ। ਸਰਬੀਆ ਅਤੇ ਕੈਮਰੂਨ ਦਾ ਇੱਕ-ਇੱਕ ਅੰਕ ਹੈ। ਸਵਿਟਜ਼ਰਲੈਂਡ ਨੂੰ ਅਗਲੇ ਗੇੜ ਵਿੱਚ ਪਹੁੰਚਣ ਲਈ ਅਗਲੇ ਮੈਚ ਵਿੱਚ ਸਰਬੀਆ ਨੂੰ ਹਰਾਉਣਾ ਪਵੇਗਾ। ਬ੍ਰਾਜ਼ੀਲ ਅਤੇ ਕੈਮਰੂਨ ਵਿਚਾਲੇ ਮੈਚ ‘ਤੇ ਨਿਰਭਰ ਕਰੇਗਾ ਕਿ ਮੈਚ ਡਰਾਅ ਹੋਣ ‘ਤੇ ਵੀ ਸਵਿਸ ਟੀਮ ਅਗਲੇ ਗੇੜ ‘ਚ ਪਹੁੰਚ ਸਕੇਗੀ ਜਾਂ ਨਹੀਂ।
ਅੱਜ ਦੋਵਾਂ ਟੀਮਾਂ ਨੇ ਪਹਿਲੇ ਹਾਫ ‘ਚ ਬਹੁਤੇ ਮੌਕੇ ਨਹੀਂ ਬਣਾਏ। ਨੇਮਾਰ ਤੋਂ ਬਿਨਾਂ ਬ੍ਰਾਜ਼ੀਲ ਦੀ ਟੀਮ ਨੂੰ ਗੋਲ ਕਰਨ ‘ਚ ਪ੍ਰੇਸ਼ਾਨੀ ਆਈ। ਬ੍ਰਾਜ਼ੀਲ ਨੇ ਨੇਮਾਰ ਦੀ ਜਗ੍ਹਾ ਮਿਡਫੀਲਡਰ ਫਰੈਡ ਨੂੰ ਮੈਦਾਨ ਵਿੱਚ ਉਤਾਰਿਆ। ਪਹਿਲੇ ਮੈਚ ‘ਚ ਬ੍ਰਾਜ਼ੀਲ ਲਈ ਦੋ ਗੋਲ ਕਰਨ ਵਾਲਾ ਰਿਚਰਲਿਸਨ ਅੱਜ ਲੈਅ ‘ਚ ਨਹੀਂ ਦਿਸਿਆ ਤੇ ਦੂਜੇ ਹਾਫ ‘ਚ ਉਸ ਦੀ ਜਗ੍ਹਾ ਕਿਸੇ ਹੋਰ ਖਿਡਾਰੀ ਨੇ ਲੈ ਲਈ। -ਪੀਟੀਆਈ