ਪੇਈਚਿੰਗ, 29 ਨਵੰਬਰ
ਅਮਰੀਕਾ ਦੀ ਜਲ ਸੈਨਾ ਨੇ ਅੱਜ ਦੱਖਣੀ ਚੀਨ ਸਾਗਰ ਵਿੱਚ ਚੀਨ ਦੇ ਕਬਜ਼ੇ ਵਾਲੇ ਇੱਕ ਟਾਪੂ ਨੇੜੇ ਚੱਲ ਰਹੀ ‘ਸਮੁੰਦਰੀ ਆਵਾਜਾਈ ਦੀ ਆਜ਼ਾਦੀ ਸਬੰਧੀ ਮੁਹਿੰਮ’ ਬਾਰੇ ਚੀਨ ਦੇ ਵਿਰੋਧ ਨੂੰ ਰੱਦ ਕਰ ਦਿੱਤਾ ਹੈ। ਜਲ ਸੈਨਾ ਦੇ ਸੱਤਵੇਂ ਬੇੜੇ ਨੇ ਅੱਜ ਮਿਸ਼ਨ ‘ਤੇ ਚੀਨ ਦੇ ਇਤਰਾਜ਼ਾਂ ਦਾ ਖੰਡਨ ਕੀਤਾ। ਉਧਰ ਚੀਨ ਨੇ ਅਮਰੀਕੀ ਕਾਰਵਾਈ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਅਮਰੀਕਾ ਦੀ ਜਲ ਸੈਨਾ ਨੇ ਚੀਨ ਦੇ ਇਤਰਾਜ਼ਾਂ ਨੂੰ ਅਮਰੀਕਾ ਦੀਆਂ ਵੈਧ ਸਮੁੰਦਰੀ ਕਾਰਵਾਈਆਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਲਈ (ਚੀਨੀ) ਕਾਰਵਾਈਆਂ ਦੀ ਇੱਕ ਲੰਮੀ ਲੜੀ ਵਿੱਚ ਇੱਕ ਨਵੀਂ ਘਟਨਾ ਕਰਾਰ ਦਿੱਤਾ। ਅਮਰੀਕੀ ਜਲ ਸੈਨਾ ਨੇ ਕਿਹਾ ਕਿ ਚੀਨ ਦੇ ਵਿਆਪਕ ਸਮੁੰਦਰੀ ਦਾਅਵੇ ਸਮੁੰਦਰੀ ਆਵਾਜਾਈ, ਉਡਾਣਾਂ ਤੇ ਵਪਾਰ ਦੇ ਨਾਲ ਦੱਖਣੀ ਚੀਨ ਸਾਗਰ ਦੇ ਸਮੁੰਦਰ ਕੰਢੇ ਵਾਲੇ ਦੇਸ਼ਾਂ ਦੇ ਆਰਥਿਕ ਮੌਕਿਆਂ ਲਈ ਗੰਭੀਰ ਖ਼ਤਰਾ ਪੈਦਾ ਕਰਦੇ ਹਨ। ਚੀਨ ਨੇ ਅਮਰੀਕੀ ਕਾਰਵਾਈ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਤੇ ਕਿਹਾ ਕਿ ਉਸ ਨੇ ਚਿਤਾਵਨੀ ਜਾਰੀ ਕਰਨ ਅਤੇ ਜਹਾਜ਼ਾਂ ਨੂੰ ਖਿੰਡਾਉਣ ਲਈ ਹਵਾਈ ਸੈਨਾ ਅਤੇ ਜਲ ਸੈਨਾ ਨੂੰ ਲਾਮਬੰਦ ਕੀਤਾ ਹੈ। -ਏਪੀ