ਸਿਡਨੀ, 29 ਨਵੰਬਰ
ਆਸਟਰੇਲੀਆ ਦੇ ਸਭ ਤੋਂ ਵੱਡੇ ਸੂਬੇ ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਕਾਲ ਦੌਰਾਨ ਲਗਾਏ ਗਏ ਹਜ਼ਾਰਾਂ ਜੁਰਮਾਨੇ ਵਾਪਸ ਲਏ ਜਾਣਗੇ ਅਤੇ ਜੁਰਮਾਨੇ ਭਰਨ ਵਾਲੇ ਲੋਕਾਂ ਨੂੰ ਰਕਮ ਵਾਪਸ ਕੀਤੀ ਜਾਵੇਗੀ। ਪ੍ਰਸ਼ਾਸਨ ਨੇ ਇਹ ਫ਼ੈਸਲਾ ਸਰਕਾਰੀ ਵਕੀਲ ਦੇ ਇਹ ਸਵੀਕਾਰ ਕੀਤੇ ਜਾਣ ਮਗਰੋਂ ਲਿਆ ਹੈ ਕਿ ਇਸ ਦੌਰਾਨ ਲਗਾਏ ਗਏ ਕੁੱਝ ਜੁਰਮਾਨੇ ਸਹੀ ਨਹੀਂ ਸਨ। ਆਸਟਰੇਲਿਆਈ ਸੂਬਿਆਂ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਸਖ਼ਤ ਪਾਬੰਦੀ ਲਗਾਈਆਂ ਗਈਆਂ ਸਨ, ਜਿਨ੍ਹਾਂ ਵਿੱਚ ਯਾਤਰਾ ਕਰਨ ਅਤੇ ਘਰ ਵਿੱਚੋਂ ਬਾਹਰ ਨਿਕਲਣਾ ਸ਼ਾਮਲ ਸੀ। ਨਿਊ ਸਾਊਥ ਵੇਲਜ਼ ਵਿੱਚ ਪੁਲੀਸ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਇੱਕ ਹਜ਼ਾਰ ਆਸਟਰੇਲਿਆਈ ਡਾਲਰ ਤੱਕ ਜੁਰਮਾਨਾ ਕਰ ਸਕਦੀ ਸੀ। ਮੁਫ਼ਤ ਕਾਨੂੰਨੀ ਸੇਵਾ ਦੇਣ ਵਾਲੀ ਰੈੱਡਫਰਨ ਲੀਗਲ ਸੈਂਟਰ ਨੇ ਤਿੰਨ ਮੁਦਈਆਂ ਦੇ ਆਧਾਰ ‘ਤੇ ਜੁਲਾਈ ਵਿੱਚ ਕੇਸ ਕੀਤਾ ਸੀ। ਇਸ ਵਿੱਚ ਉਨ੍ਹਾਂ ਦਲੀਲ ਦਿੱਤੀ ਸੀ ਕਿ ਤਿੰਨਾਂ ਨੂੰ ਕੀਤੇ ਗਏ 1000 ਤੋਂ 3000 ਆਸਟਰੇਲਿਆਈ ਡਾਲਰ ਜੁਰਮਾਨੇ ਸਹੀ ਨਹੀਂ ਸਨ ਕਿਉਂਕਿ ਜੁਰਮਾਨੇ ਦੇ ਨੋਟਿਸਾਂ ਵਿੱਚ ਅਪਰਾਧ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ। ਨਿਊ ਸਾਊਥ ਵੇਲਜ਼ ਦੀ ਸੁਪਰੀਮ ਕੋਰਟ ਵਿੱਚ ਸਰਕਾਰੀ ਵਕੀਲਾਂ ਨੇ ਅੱਜ ਸੁਣਵਾਈ ਦੌਰਾਨ ਮੰਨਿਆ ਕਿ ਇਨ੍ਹਾਂ ਮੁਦਈਆਂ ਨੂੰ ਕੀਤੇ ਗਏ ਜੁਰਮਾਨੇ ਕਾਨੂੰਨੀ ਸ਼ਰਤਾਂ ਪੂਰੀਆਂ ਨਹੀਂ ਕਰਦੇ। -ਰਾਇਟਰਜ਼