ਦੋਹਾ, 30 ਨਵੰਬਰ
ਕ੍ਰਿਸਟੀਅਨ ਪੁਲਿਸਿਕ ਵੱਲੋਂ 38ਵੇਂ ਮਿੰਟ ਵਿੱਚ ਕੀਤੇ ਗਏ ਗੋਲ ਦੀ ਬਦੌਲਤ ਅਮਰੀਕਾ ਮੰਗਲਵਾਰ ਦੇਰ ਰਾਤ ਇਰਾਨ ਨੂੰ 1-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਦੇ ਸੁਪਰ 16 ਦੇ ਨਾਕਆਊਟ ਗੇੜ ਵਿੱਚ ਪਹੁੰਚ ਗਿਆ ਹੈ। ਅਮਰੀਕਾ ਲਈ ਇਹ ‘ਕਰੋ ਜਾਂ ਮਰੋ’ ਵਾਲਾ ਮੁਕਾਬਲਾ ਸੀ, ਜਿਸ ਨੇ ਹਮਲਾਵਰ ਸ਼ੁਰੂਆਤ ਕੀਤੀ ਪਰ ਉਸ ਨੂੰ ਸਫਲਤਾ 38ਵੇਂ ਮਿੰਟ ‘ਚ ਮਿਲੀ। ਇਸ ਦੌਰਾਨ ਸਰਗਿਨੋ ਡੇਸਟ ਨੇ ਪੁਲਿਸਿਕ ਨੂੰ ਸ਼ਾਨਦਾਰ ਪਾਸ ਦਿੱਤਾ ਅਤੇ ਪੁਲਿਸਿਕ ਨੇ ਇਸ ਨੂੰ ਗੋਲ ‘ਚ ਤਬਦੀਲ ਕੀਤਾ। ਹਾਲਾਂਕਿ ਇਸ ਦੌਰਾਨ ਪੁਲਿਸਿਕ ਦਾ ਸਿਰ ਗੋਲਕੀਪਰ ਨਾਲ ਟਕਰਾ ਗਿਆ ਅਤੇ ਉਹ ਤਿੰਨ ਮਿੰਟ ਤੱਕ ਨੈੱਟ ਕੋਲ ਲੇਟਿਆ ਰਿਹਾ।
ਅਮਰੀਕੀ ਟੀਮ ਦੇ ਸਟਾਫ ਨੇ ਉਸ ਦਾ ਇਲਾਜ ਕੀਤਾ, ਜਿਸ ਨਾਲ ਉਹ ਥੋੜ੍ਹਾਂ ਸਮਾਂ ਤਾਂ ਮੈਦਾਨ ਵਿੱਚ ਰਿਹਾ ਪਰ ਦੂਜੇ ਹਾਫ ਦੇ ਸ਼ੁਰੂ ਵਿੱਚ ਉਸ ਦੀ ਜਗ੍ਹਾ ਹੋਰ ਖਿਡਾਰੀ ਉਤਾਰ ਦਿੱਤਾ ਗਿਆ। ਅਮਰੀਕਾ ਦੀ ਟੀਮ ਗਰੁੱਪ ਬੀ ਵਿੱਚ ਇੰਗਲੈਂਡ ਤੋਂ ਦੋ ਅੰਕ ਪਿੱਛੇ ਪੰਜ ਅੰਕਾਂ ਨਾn ਦੂਜੇ ਸਥਾਨ ‘ਤੇ ਹੈ। ਹੁਣ ਟੀਮ 2002 ਤੋਂ ਬਾਅਦ ਪਹਿਲੀ ਵਾਰ ਕੁਆਰਟਰ ਫਾਈਨਲ ਵਿੱਚ ਥਾਂ ਬਣਾਉਣ ਲਈ ਸ਼ਨਿਚਰਵਾਰ ਨੂੰ ਨੈਦਰਲੈਂਡਜ਼ ਨਾਲ ਭਿੜੇਗੀ। ਇਰਾਨ ਤਿੰਨ ਅੰਕਾਂ ਨਾਲ ਗਰੁੱਪ ਵਿੱਚ ਤੀਜੇ ਸਥਾਨ ‘ਤੇ ਰਹਿ ਕੇ ਟੂਰਨਾਮੈਂਟ ‘ਚੋਂ ਬਾਹਰ ਹੋ ਗਿਆ ਹੈ। -ਏਪੀ