ਨਵੀਂ ਦਿੱਲੀ, 5 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ ਸਾਲ ਹੋਣ ਵਾਲੀ ਜੀ-20 ਸਿਖਰ ਵਾਰਤਾ ਬਾਰੇ ਸੁਝਾਅ ਲੈਣ ਲਈ ਇਥੇ ਰਾਸ਼ਟਰਪਤੀ ਭਵਨ ਵਿੱਚ ਸਰਬ ਪਾਰਟੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਉੜੀਸਾ ਦੇ ਉਨ੍ਹਾਂ ਦੇ ਹਮਰੁਤਬਾ ਨਵੀਨ ਪਟਨਾਇਕ, ਸਿੱਕਮ ਦੇ ਪ੍ਰੇਮ ਸਿੰਘ ਤਮਾਂਗ ਤੇ ਮਹਾਰਾਸ਼ਟਰ ਦੇ ਏਕਨਾਥ ਸ਼ਿੰਦੇ ਵੀ ਸ਼ਾਮਲ ਹੋਏ। ਮੀਟਿੰਗ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਆਂਧਰਾ ਪ੍ਰਦੇਸ਼ ਦੇ ਹਮਰੁਤਬਾ ਜਗਨ ਮੋਹਨ ਰੈੱਡੀ, ਤਾਮਿਲ ਨਾਡੂ ਐੱਮ.ਕੇ.ਸਟਾਲਿਨ, ਭਾਜਪਾ ਪ੍ਰਧਾਨ ਜੇ.ਪੀ.ਨੱਢਾ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ.ਦੇਵੇਗੌੜਾ, ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਸੀਪੀਆਈ ਦੇ ਜਨਰਲ ਸਕੱਤਰ ਡੀ.ਰਾਜਾ, ਟੀਡੀਪੀ ਮੁਖੀ ਚੰਦਰਬਾਬੂ ਨਾਇਡੂ ਮੌਜੂਦ ਸਨ। ਸਰਕਾਰ ਵੱਲੋਂ ਕੇੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਾਮਨ, ਵਿਦੇਸ਼ ਮੰਤਰੀ ਐੱਸ.ਜੈਸ਼ੰਕਰ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਸ਼ਾਮਲ ਹੋਏ। ਸੂਤਰਾਂ ਨੇ ਕਿਹਾ ਕਿ ਮੀਟਿੰਗ ਦੌਰਾਨ ਕੇਂਦਰੀ ਵਿਦੇਸ਼ ਮੰਤਰਾਲੇ ਨੇ ਸਰਕਾਰ ਵੱਲੋਂ ਜੀ-20 ਵਿੱਚ ਭਾਰਤ ਦੀ ਪ੍ਰਧਾਨਗੀ ਦੇ ਅਰਸੇ ਦੌਰਾਨ ਵਿਉਂਤੇ ਪ੍ਰੋਗਰਾਮਾਂ ਬਾਰੇ ਪੇਸ਼ਕਾਰੀ ਦਿੱਤੀ ਗਈ। ਭਾਰਤ ਨੇ 1 ਦਸੰਬਰ ਤੋਂ ਜੀ-20 ਦੀ ਪ੍ਰਧਾਨਗੀ ਸਾਂਭ ਲਈ ਹੈ। ਪੂਰੇ ਦੇਸ਼ ਵਿੱਚ ਇਸ ਮਹੀਨੇ 200 ਤੋਂ ਵੱਧ ਤਿਆਰੀ ਮੀਟਿੰਗਾਂ ਕੀਤੇ ਜਾਣ ਦੀ ਉਮੀਦ ਹੈ। ਅਗਲੀ ਜੀ-20 ਸਿਖਰ ਵਾਰਤਾ 9 ਤੇ 10 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਹੋਣੀ ਹੈ, ਜਿਸ ਵਿੱਚ ਮੈਂਬਰ ਮੁਲਕਾਂ ਦੇ ਮੁਖੀ ਸ਼ਾਮਲ ਹੋਣਗੇ। ਜੀ-20 ਮੈਂਬਰ ਮੁਲਕਾਂ ਵਿੱਚ ਅਰਜਨਟੀਨਾ, ਆਸਟਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਪਾਨ, ਕੋਰੀਆ ਗਣਰਾਜ, ਮੈਕਸਿਕੋ, ਰੂਸ, ਸਾਊਦੀ ਅਰਬ, ਦੱਖਣੀ ਅਫ਼ਰੀਕਾ, ਤੁਰਕੀ, ਯੂਕੇ, ਯੂਐੱਸ ਤੇ ਯੂਰੋਪੀ ਯੂਨੀਅਨ ਸ਼ਾਮਲ ਹਨ। –ਪੀਟੀਆਈ