ਅਲ ਰੱਯਾਨ, 4 ਦਸੰਬਰ
ਪੰਜ ਵਾਰ ਦੀ ਚੈਂਪੀਅਨ ਬ੍ਰਾਜ਼ੀਲ ਦੀ ਟੀਮ ਨੂੰ ਅੱਜ ਉਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਉਨ੍ਹਾਂ ਦਾ ਫਾਰਵਰਡ ਖਿਡਾਰੀ ਨੇਮਾਰ ਫਿਟ ਹੋ ਗਿਆ ਅਤੇ ਉਸ ਨੇ ਅਭਿਆਸ ‘ਚ ਹਿੱਸਾ ਲਿਆ। ਨੇਮਾਰ ਨੂੰ ਸਰਬੀਆ ਨਾਲ ਮੈਚ ਦੌਰਾਨ ਗਿੱਟੇ ‘ਤੇ ਸੱਟ ਲੱਗੀ ਸੀ। ਬ੍ਰਾਜ਼ੀਲ ਲਈ ਇਹ ਵੱਡੀ ਰਾਹਤ ਵੀ ਹੈ ਕਿਉਂਕਿ ਅਲੈਕਸ ਟੈਲੀਸ ਅਤੇ ਫਾਰਵਰਡ ਗੈਬਰੀਅਲ ਜੀਸਸ ਕੈਮਰੂਨ ਖ਼ਿਲਾਫ਼ ਮੈਚ ਦੌਰਾਨ ਸੱਟ ਲੱਗਣ ਕਾਰਨ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਨੇਮਾਰ ਸਵਿਟਜ਼ਰਲੈਂਡ ਨਾਲ ਹੋਏ ਮੈਚ ‘ਚ ਨਹੀਂ ਖੇਡਿਆ ਸੀ ਅਤੇ ਟੀਮ ਨੇ ਉਸ ਤੋਂ ਬਿਨਾਂ ਇਸ ‘ਚ 1-0 ਨਾਲ ਜਿੱਤ ਦਰਜ ਕੀਤੀ ਸੀ। ਉਂਜ ਗੇੜ ਦੇ ਆਖਰੀ ਮੈਚ ‘ਚ ਬ੍ਰਾਜ਼ੀਲ, ਕੈਮਰੂਨ ਤੋਂ ਹਾਰ ਗਿਆ ਸੀ। ਟੀਮ ਦੇ ਕੋਚ ਟਿਟੇ ਨੇ ਆਸ ਜਤਾਈ ਕਿ ਨੇਮਾਰ ਦੱਖਣੀ ਕੋਰੀਆ ਖ਼ਿਲਾਫ਼ ਸੋਮਵਾਰ ਦੇਰ ਰਾਤ ਸਾਢੇ 12 ਵਜੇ ਖੇਡਿਆ ਜਾਣ ਵਾਲਾ ਨਾਕਆਊਟ ਮੈਚ ਜ਼ਰੂਰ ਖੇਡੇਗਾ। ਉਨ੍ਹਾਂ ਕਿਹਾ ਕਿ ਡੈਨਿਲੋ ਵੀ ਫਿਟ ਹੋ ਗਿਆ ਹੈ ਅਤੇ ਉਹ ਵੀ ਦੱਖਣੀ ਕੋਰੀਆ ਖ਼ਿਲਾਫ਼ ਮੈਚ ‘ਚ ਖੇਡੇਗਾ ਪਰ ਸੈਂਡਰੋ ਅਜੇ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹੋਇਆ ਹੈ। ਟਿਟੇ ਨੇ ਕਿਹਾ ਕਿ ਉਹ ਮੈਚ ਦੌਰਾਨ ਆਪਣੇ ਬਿਹਤਰੀਨ ਖਿਡਾਰੀਆਂ ਨੂੰ ਮੈਦਾਨ ‘ਚ ਉਤਾਰਨਗੇ। -ਰਾਇਟਰਜ਼