ਇਸਲਾਮਾਬਾਦ, 11 ਦਸੰਬਰ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦਾ ਭਗੌੜਾ ਪੁੱਤ ਸੁਲੇਮਾਨ ਸ਼ਹਿਬਾਜ਼ ਲੰਡਨ ਵਿੱਚ ਚਾਰ ਸਾਲ ਸਵੈ-ਜਲਾਵਤਨੀ ਹੰਢਾਉਣ ਮਗਰੋਂ ਅੱਜ ਵੱਡੇ ਤੜਕੇ ਦੇਸ਼ ਪਰਤ ਆਇਆ ਹੈ। ਸੁਲੇਮਾਨ ਨੂੰ ਇਥੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਹੋਵੇਗਾ। ਕੌਮੀ ਜਵਾਬਦੇਹੀ ਬਿਊਰੋ (ਐੱਨਏਬੀ) ਨੇ ਸਾਲ 2018 ਵਿੱਚ ਪਿਛਲੀਆਂ ਆਮ ਚੋਣਾਂ ਤੋਂ ਪਹਿਲਾਂ ਸੁਲੇਮਾਨ ਖਿਲਾਫ਼ ਕਈ ਕੇਸ ਦਰਜ ਕੀਤੇ ਸਨ। ਸੁਲੇਮਾਨ ਇਕ ਦੋ ਸੁਣਵਾਈਆਂ ਮਗਰੋਂ ਲੰਡਨ ਚਲਾ ਗਿਆ ਸੀ, ਜਿੱਥੇ ਉਹ 2018 ਤੋਂ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ। ਸੁਲੇਮਾਨ ਦੀ ਦੇਸ਼ ਵਾਪਸੀ ਅਜਿਹੇ ਮੌਕੇ ਹੋਈ ਹੈ ਜਦੋਂ ਅਜੇ ਕੁਝ ਦਿਨ ਪਹਿਲਾਂ ਇਸਲਾਮਾਬਾਦ ਹਾਈ ਕੋਰਟ ਨੇ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਕਰਦਿਆਂ ਜਾਂਚ ਏਜੰਸੀ (ਐੱਫਆਈਏ) ਤੇ ਐੱਨਏਬੀ ਨੂੰ ਮਨੀ ਲਾਂਡਰਿੰਗ ਕੇਸ ਵਿੱਚ ਸੁਲੇਮਾਨ ਨੂੰ ਗ੍ਰਿਫਤਾਰ ਕਰਨ ਤੋਂ ਰੋਕ ਦਿੱਤਾ ਸੀ। ਹਾਈ ਕੋਰਟ ਨੇ ਸੁਲੇਮਾਨ ਨੂੰ 13 ਦਸੰਬਰ ਤੱਕ ਟਰਾਇਲ ਕੋਰਟ ਵਿੱਚ ਸਮਰਪਣ ਕਰਨ ਲਈ ਕਿਹਾ ਸੀ। ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਨੇ ਆਪਣੇ ਅਧਿਕਾਰਤ ਟਵਿੱਟਰ ਖਾਤੇ ‘ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਸੁਲੇਮਾਨ ਦੇਸ਼ ਵਾਪਸੀ ਮੌਕੇ ਆਪਣੇ ਪਿਤਾ ਨੂੰ ਮਿਲਦਾ ਤੇ ਗ਼ਲਵੱਕੜੀ ਵਿੱਚ ਲੈਂਦਾ ਵਿਖਾਈ ਦੇ ਰਿਹਾ ਹੈ। ਸੰਘੀ ਜਾਂਚ ਏਜੰਸੀ ਦੀ ਰਿਪੋਰਟ ਮੁਤਾਬਕ ਤਫ਼ਤੀਸ਼ੀ ਟੀਮ ਨੇ ਸ਼ਹਿਬਾਜ਼ ਪਰਿਵਾਰ ਦੇ 28 ਬੇਨਾਮੀ ਖਾਤਿਆਂ ਦਾ ਪਤਾ ਲਾਇਆ ਸੀ, ਜਿਨ੍ਹਾਂ ਦੀ ਮਦਦ ਨਾਲ 2008 ਤੋਂ 2018 ਦੇ ਅਰਸੇ ਦੌਰਾਨ 16.3 ਅਰਬ ਰੁਪਏ ਦਾ ਲੈਣ-ਦੇਣ ਕੀਤਾ ਗਿਆ ਸੀ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਹ ਸਾਰਾ ਪੈਸਾ ”ਗੁਪਤ ਖਾਤਿਆਂ’ ਵਿੱਚ ਰੱਖਿਆ ਗਿਆ ਸੀ ਤੇ ਸ਼ਹਿਬਾਜ਼ ਨੂੰ ਉਨ੍ਹਾਂ ਦੀ ਨਿੱਜੀ ਹੈਸੀਅਤ ਵਿੱਚ ਦਿੱਤਾ ਗਿਆ। -ਪੀਟੀਆਈ