ਸੰਯੁਕਤ ਰਾਸ਼ਟਰ, 11 ਦਸੰਬਰ
ਭਾਰਤ ਨੇ ਇੱਥੇ ਸੰਯੁਕਤ ਰਾਸ਼ਟਰ ਸਲਾਮਤੀ ਪ੍ਰੀਸ਼ਦ ਵਿਚ ਕਿਹਾ ਕਿ ਅਤਿਵਾਦੀਆਂ ਨੂੰ ‘ਰਾਜਨੀਤਕ ਸੁਵਿਧਾ’ ਮੁਤਾਬਕ ‘ਚੰਗੇ ਜਾਂ ਬੁਰੇ’ ਵਰਗ ਵਿਚ ਰੱਖਣ ਦਾ ਯੁੱਗ ਖ਼ਤਮ ਹੋਣਾ ਚਾਹੀਦਾ ਹੈ। ਭਾਰਤ ਨੇ ਇਕ ਨੋਟ ਜਾਰੀ ਕਰਦਿਆਂ ਕਿਹਾ ਕਿ ਦਹਿਸ਼ਤੀ ਗਤੀਵਿਧੀਆਂ ਨੂੰ ਧਾਰਮਿਕ ਜਾਂ ਵਿਚਾਰਕ ਰੂਪ ‘ਚ ਵਰਗਾਂ ਵਿਚ ਰੱਖਣ ਨਾਲ ਅਤਿਵਾਦ ਨਾਲ ਲੜਨ ਦੀ ਆਲਮੀ ਤੌਰ ‘ਤੇ ਸਾਂਝੀ ਵਚਨਬੱਧਤਾ ਘੱਟ ਹੋਵੇਗੀ। ਸੰਯੁਕਤ ਰਾਸ਼ਟਰ ਦੀ 15 ਮੈਂਬਰੀ ਸਲਾਮਤੀ ਪਰਿਸ਼ਦ ਦੇ ਮੌਜੂਦਾ ਪ੍ਰਧਾਨ ਦੇ ਤੌਰ ਉਤੇ ਭਾਰਤ ਬਹੁ-ਪੱਖਵਾਦ ਵਿਚ ਸੁਧਾਰ ਤੇ ਅਤਿਵਾਦ ਨਾਲ ਨਜਿੱਠਣ ਦੇ ਕਦਮਾਂ ਉਤੇ 14 ਤੇ 15 ਦਸੰਬਰ ਨੂੰ ਦੋ ਅਹਿਮ ਪ੍ਰੋਗਰਾਮ ਕਰਵਾਏਗਾ ਜਿਸ ਦੀ ਪ੍ਰਧਾਨਗੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਕਰਨਗੇ। ਬੈਠਕ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਵਿਚ ਭਾਰਤ ਦੀ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ ਨੇ ਸਕੱਤਰ-ਜਨਰਲ ਅੰਤੋਨੀਓ ਗੁਟੇਰੇਜ਼ ਨੂੰ ਇਕ ਪੱਤਰ ਲਿਖ ਕੇ ਕਿਹਾ ਕਿ ਵਿਸ਼ੇ ਉਤੇ ਚਰਚਾ ਲਈ ਇਕ ਸੰਕਲਪ ਨੋਟ ਸਲਾਮਤੀ ਪਰਿਸ਼ਦ ਦੇ ਦਸਤਾਵੇਜ਼ ਦੇ ਰੂਪ ਵਿਚ ਪ੍ਰਸਾਰਿਤ ਕੀਤਾ ਜਾਵੇ। ਇਸ ਵਿਚ ਭਾਰਤ ਨੇ ਕਿਹਾ ਹੈ, ‘ਨਿਊ ਯਾਰਕ ਵਿਚ 11 ਸਤੰਬਰ 2001 ਨੂੰ ਹੋਏ ਅਤਿਵਾਦੀ ਹਮਲੇ ਨੇ ਅਤਿਵਾਦ ਨਾਲ ਨਜਿੱਠਣ ਪ੍ਰਤੀ ਸੰਸਾਰ ਦਾ ਰੁਖ਼ ਬਦਲ ਦਿੱਤਾ। ਇਸ ਤੋਂ ਬਾਅਦ ਲੰਡਨ, ਮੁੰਬਈ, ਪੈਰਿਸ, ਪੱਛਮੀ ਏਸ਼ੀਆ ਤੇ ਅਫ਼ਰੀਕਾ ਦੇ ਕਈ ਹਿੱਸਿਆਂ ਵਿਚ ਅਤਿਵਾਦੀ ਹਮਲੇ ਹੋਏ। ਇਹ ਹਮਲੇ ਦਿਖਾਉਂਦੇ ਹਨ ਕਿ ਅਤਿਵਾਦ ਦਾ ਖ਼ਤਰਾ ਗੰਭੀਰ ਤੇ ਸਰਵ ਵਿਆਪਕ ਹੈ। ਦੁਨੀਆ ਦੇ ਇਕ ਹਿੱਸੇ ਵਿਚ ਅਤਿਵਾਦ ਦਾ ਵਿਸ਼ਵ ਦੇ ਹੋਰਨਾਂ ਹਿੱਸਿਆਂ ਦੀ ਸ਼ਾਂਤੀ ਤੇ ਸੁਰੱਖਿਆ ਉਤੇ ਗੰਭੀਰ ਅਸਰ ਪੈਂਦਾ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਅਤਿਵਾਦ ਦਾ ਖ਼ਤਰਾ ਆਲਮੀ ਹੈ। ਅਤਿਵਾਦੀ ਤੱਤ ਤੇ ਉਨ੍ਹਾਂ ਦੇ ਸਮਰਥਕ ਅਤੇ ਫੰਡਿੰਗ ਕਰਨ ਵਾਲੇ ਅਲੱਗ-ਅਲੱਗ ਥਾਵਾਂ ਉਤੇ ਰਹਿੰਦੇ ਹੋਏ ਵੀ ਆਪਣੀਆਂ ਸਾਜ਼ਿਸ਼ਾਂ ਨੂੰ ਅੰਜਾਮ ਦੇਣ ਲਈ ਗੱਠਜੋੜ ਕਰਦੇ ਹਨ। ਸੰਯੁਕਤ ਰਾਸ਼ਟਰ ਦੇ ਸਾਰੇ ਮੈਂਬਰ ਦੇਸ਼ਾਂ ਦੇ ਸਮੂਹਿਕ ਯਤਨਾਂ ਰਾਹੀਂ ਹੀ ਕੌਮਾਂਤਰੀ ਖ਼ਤਰੇ ਨਾਲ ਨਜਿੱਠਿਆ ਜਾ ਸਕਦਾ ਹੈ।’ ਭਾਰਤ ਨੇ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਅਤਿਵਾਦ ਦੀ ਸਮੱਸਿਆ ਨੂੰ ਕਿਸੇ ਵੀ ਧਰਮ, ਦੇਸ਼, ਸਭਿਅਤਾ ਜਾਂ ਜਾਤੀ ਸਮੂਹ ਨਾਲ ਨਹੀਂ ਜੋੜਿਆ ਜਾ ਸਕਦਾ ਤੇ ਸਾਰੀਆਂ ਅਤਿਵਾਦੀ ਗਤੀਵਿਧੀਆਂ ਅਪਰਾਧਕ ਹਨ।’ ਪੱਤਰ ਵਿਚ ਕਿਹਾ ਗਿਆ ਹੈ ਕਿ, ‘ਇਰਾਕ ਵਿਚ ਇਸਲਾਮਿਕ ਸਟੇਟ ਤੇ ਭਾਰਤੀ ਉਪ ਮਹਾਦੀਪ ‘ਚ ਲੇਵੰਤ-ਖੋਰਾਸਨ, ਅਲ-ਕਾਇਦਾ, ਭਾਰਤੀ ਮਹਾਦੀਪ ਵਿਚ ਅਲ-ਕਾਇਦਾ ਤੇ ਅਫ਼ਗਾਨਿਸਤਾਨ ਵਿਚ ਪਨਾਹ ਲੈਣ ਵਾਲੇ ਅਤਿਵਾਦੀ ਸਮੂਹਾਂ ਤੋਂ ਖ਼ਤਰਾ ਤਾਲਿਬਾਨ ਵੱਲੋਂ ਕਾਬੁਲ ‘ਤੇ ਕਬਜ਼ਾ ਕਰਨ ਤੋਂ ਬਾਅਦ ਵਧ ਗਿਆ ਹੈ। -ਪੀਟੀਆਈ
ਜੰਮੂ ਕਸ਼ਮੀਰ ‘ਚ ਦਹਿਸ਼ਤਗਰਦਾਂ ਦੀ ਨਵੀਂ ਰਣਨੀਤੀ ਐੱਨਆਈਏ ਲਈ ਵੱਡੀ ਚੁਣੌਤੀ
ਨਵੀਂ ਦਿੱਲੀ (ਟਨਸ): ਜੰਮੂ ਕਸ਼ਮੀਰ ‘ਚ ਦਹਿਸ਼ਤਗਰਦਾਂ ਵੱਲੋਂ ਅਪਣਾਈ ਗਈ ਨਵੀਂ ਰਣਨੀਤੀ ਸੁਰੱਖਿਆ ਬਲਾਂ ਅਤੇ ਐੱਨਆਈਏ ਲਈ ਵੱਡੀ ਚੁਣੌਤੀ ਬਣ ਗਈ ਹੈ। ਹਮਲਾ ਕਰਨ ਵਾਲੇ ਦਹਿਸ਼ਤਗਰਦ ਇਕ-ਦੂਜੇ ਨੂੰ ਨਹੀਂ ਜਾਣਦੇ ਹਨ ਅਤੇ ਉਹ ਟੈਲੀਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਸੰਪਰਕ ਬਣਾਉਂਦੇ ਹਨ। ਇਕ ਸੀਨੀਅਰ ਸੁਰੱਖਿਆ ਅਧਿਕਾਰੀ ਨੇ ਕਿਹਾ ਕਿ ਦਹਿਸ਼ਤਗਰਦ ਕੁਝ ਲੋਕਾਂ ਨੂੰ ਸਿਰਫ਼ ਰੇਕੀ, ਹਥਿਆਰਾਂ ਦੀ ਸਪਲਾਈ, ਅਪਰਾਧ ਕਰਨ ਆਦਿ ਜਿਹੇ ਕੰਮਾਂ ਲਈ ਭਰਤੀ ਕਰਦੇ ਹਨ। ਇਸ ਨਾਲ ਸੁਰੱਖਿਆ ਏਜੰਸੀਆਂ ਨੂੰ ਦਹਿਸ਼ਤੀ ਘਟਨਾ ਰੋਕਣ ਜਾਂ ਉਸ ਨੂੰ ਹੱਲ ਕਰਨ ‘ਚ ਮੁਸ਼ਕਲ ਆਉਂਦੀ ਹੈ। ਦਹਿਸ਼ਤੀ ਕਾਰਵਾਈਆਂ ‘ਚ ਮਹਿਲਾਵਾਂ ਦੀ ਸ਼ਮੂਲੀਅਤ ਵੀ ਵਧਦੀ ਜਾ ਰਹੀ ਹੈ।