ਨਿਊਯਾਰਕ, 13 ਦਸੰਬਰ
ਕ੍ਰਿਪਟੋਕਰੰਸੀ ਕੰਪਨੀ ਐੱਫਟੀਐਕਸ ਦੇ ਸਾਬਕਾ ਸੀਈਓ ਸੈਮ ਬੈਂਕਮੈਨ ਫਰਾਇਡ ਨੂੰ ਸੋਮਵਾਰ ਨੂੰ ਬਹਾਮਸ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਅਮਰੀਕੀ ਅਟਾਰਨੀ ਡੈਮੀਅਨ ਵਿਲੀਅਮਜ਼ ਅਨੁਸਾਰ ਸੋਮਵਾਰ ਨੂੰ ਅਮਰੀਕਾ ਵੱਲੋਂ ਅਪਰਾਧਿਕ ਦੋਸ਼ ਦਾਇਰ ਕੀਤੇ ਜਾਣ ਤੋਂ ਬਾਅਦ ਇਹ ਗ੍ਰਿਫ਼ਤਾਰੀ ਕੀਤੀ ਗਈ ਹੈ। ਪਿਛਲੇ ਮਹੀਨੇ ਐੱਫਟੀਐੱਕਸ ਦੇ ਆਰਥਿਕ ਸੰਕਟ ‘ਚ ਘਿਰਨ ਮਗਰੋਂ ਦੋਵੇਂ ਦੇਸ਼ਾਂ ਨੇ ਫਰਾਇਡ ਖ਼ਿਲਾਫ਼ ਅਪਰਾਧਿਕ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਐੱਫਟੀਐਕਸ ਨੇ 11 ਨਵੰਬਰ ਨੂੰ ਖੁਦ ਨੂੰ ਦੀਵਾਲੀਆ ਐਲਾਨ ਦਿੱਤਾ ਸੀ। ਬਹਾਮਸ ਦੇ ਅਟਾਰਨੀ ਜਨਰਲ ਰਿਆਨ ਪਿੰਡਰ ਨੇ ਕਿਹਾ ਕਿ ਦੋਸ਼ ਦਾ ਖੁਲਾਸਾ ਹੋਣ ਅਤੇ ਅਮਰੀਕੀ ਅਧਿਕਾਰੀਆਂ ਤੋਂ ਰਸਮੀ ਬੇਨਤੀ ਪ੍ਰਾਪਤ ਹੋਣ ਤੋਂ ਤੁਰੰਤ ਬਾਅਦ ਫਰਾਇਡ ਨੂੰ ਅਮਰੀਕਾ ਹਵਾਲੇ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਐੱਫਟੀਐੱਕਸ ਦਾ ਮੁੱਖ ਦਫਤਰ ਬਹਾਮਸ ਵਿੱਚ ਹੈ। -ਏਪੀ