ਨਵੀਂ ਦਿੱਲੀ, 14 ਦਸੰਬਰ
ਮੇਘਾਲਿਆ ਵਿੱਚ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨੈਸ਼ਨਲ ਪੀਪਲਜ਼ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ ਦੇ ਵਿਧਾਇਕਾਂ ਸਮੇਤ ਚਾਰ ਵਿਧਾਇਕ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ। ਆਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ, ਭਾਜਪਾ ਦੇ ਰਾਜ ਸਭਾ ਮੈਂਬਰ ਅਨਿਲ ਬਲੂਨੀ ਅਤੇ ਕੌਮੀ ਬੁਲਾਰੇ ਸੰਬਿਤ ਪਾਤਰਾ ਦੀ ਮੌਜੂਦਗੀ ਵਿੱਚ ਇਨ੍ਹਾਂ ਵਿਧਾਇਕਾਂ ਨੇ ਇਥੇ ਪਾਰਟੀ ਮੁੱਖ ਦਫ਼ਤਰ ਵਿੱਚ ਭਾਜਪਾ ਦੀ ਮੇੈਂਬਰਸ਼ਿਪ ਹਾਸਲ ਕੀਤੀ। ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਵਿਧਾਇਕਾਂ ਵਿੱਚ ਐਨਪੀਪੀ ਦੀ ਫੇਰਲਿਨ ਸੰਗਮਾ ਅਤੇ ਬੇਨੇਡਿਕਟ ਮਾਰਕ, ਤਿ੍ਣਮੂਲ ਕਾਂਗਰਸ ਦੇ ਐਚਐਮ ਸ਼ਾਗਪਲੀਯਾਂਗ ਅਤੇ ਆਜ਼ਾਦ ਸੈਮੂਅਲ ਸੰਗਮਾ ਸ਼ਾਮਲ ਹਨ। ਆਸਾਮ ਦੇ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਅਹਿਮ ਹੈ ਕਿਉਂਕਿ ਮੇਘਾਲਿਆ ਦੇ ਚਾਰ ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋਏ ਹਨ। ਇਹ ਤਜਰਬੇਕਾਰ ਅਤੇ ਸਨਮਾਨਯੋਗ ਸਿਆਸੀ ਹਸਤੀਆਂ ਸੂਬੇ ਵਿੱਚ ਭਾਜਪਾ ਦੀ ਨਵੀਂ ਸ਼ੁਰੂਆਤ ਦਾ ਰਾਹ ਪੱਧਰਾ ਕਰਨਗੀਆਂ। ਜ਼ਿਕਰਯੋਗ ਹੈ ਕਿ ਸਾਲ 2018 ਦੀਆਂ ਚੋਣਾਂ ਦੌਰਾਨ 60 ਮੈਂਬਰੀ ਵਿਧਾਨ ਸਭਾ ਵਿੱਚ ਭਾਜਪਾ ਸਿਰਫ ਦੋ ਸੀਟਾਂ ਹੀ ਜਿੱਤ ਸਕੀ ਸੀ। -ਏਜੰਸੀ