ਵਾਸ਼ਿੰਗਟਨ, 13 ਦਸੰਬਰ
ਜੀ-7 ਮੁਲਕਾਂ ਨੇ ਭਾਰਤ ਦੀ ਜੀ-20 ਪ੍ਰਧਾਨਗੀ ਦੀ ਹਮਾਇਤ ਕੀਤੀ ਤੇ ਕੁਲ ਆਲਮ ਨੂੰ ਇਕ ਨਜ਼ਰ ਨਾਲ ਦੇਖਣ ਦੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਵੱਡੀਆਂ ਚੁਣੌਤੀਆਂ ਅਤੇ ਮੌਜੂਦਾ ਸੰਕਟ ਨਾਲ ਰਲ ਕੇ ਨਜਿੱਠਣ ਦਾ ਅਹਿਦ ਲਿਆ ਹੈ। ਇਕ ਸਾਂਝੇ ਬਿਆਨ ਵਿੱਚ, ਜੀ-7 ਦੇਸ਼ਾਂ ਦੇ ਨੇਤਾਵਾਂ ਨੇ ਕਿਹਾ ਕਿ ਉਹ ਸਾਰਿਆਂ ਲਈ ਇੱਕ ਮਜ਼ਬੂਤ ਭਵਿੱਖ ਦਾ ਸਮਰਥਨ ਕਰਦੇ ਹਨ। ਭਾਰਤ ਨੇ ਅਧਿਕਾਰਤ ਤੌਰ ‘ਤੇ ਇਕ ਦਸੰਬਰ ਨੂੰ ਜੀ 20 ਦੀ ਪ੍ਰਧਾਨਗੀ ਸੰਭਾਲੀ ਹੈ। ਨਵੀਂ ਦਿੱਲੀ ਵਿੱਚ ਅਗਲੇ ਵਰ੍ਹੇ 9 ਅਤੇ 10 ਸਤੰਬਰ ਨੂੰ ਜੀ-20 ਸੰਮੇਲਨ ਹੋਵੇਗਾ ਜਿਸ ਵਿੱਚ ਮੈਂਬਰ ਮੁਲਕਾਂ ਦੇ ਮੁਖੀ ਹਿੱਸਾ ਲੈਣਗੇ। ਜੀ-7 ਮੁਲਕਾਂ ਦੇ ਆਗੂਆਂ ਨੇ ਸੋਮਵਾਰ ਨੂੰ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਕਿ ਉਹ ਸਭਨਾਂ ਲਈ ਬਿਹਤਰ ਅਤੇ ਮਜ਼ਬੂਤ ਭਵਿੱਖ ਦਾ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ, ” ਜਰਮਨੀ ਦੀ ਪ੍ਰਧਾਨਗੀ ਵਿੱਚ ਜੀ -7 ਮੁਲਕਾਂ ਨੇ ਆਪਣੇ ਹੋਰਨਾਂ ਕੌਮਾਂਤਰੀ ਭਾਈਵਾਲਾਂ ਨਾਲ ਮਿਲ ਕੇ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਅਤੇ ਤਤਕਾਲੀ ਸਮੱਸਿਆਵਾਂ ਨਾਲ ਮਿਲ ਕੇ ਨਜਿੱਠਣ ਦੀ ਪ੍ਰਤੀਬੱਧਤਾ ਦੁਹਰਾਈ ਹੈ। ਸਾਡੀ ਵਚਨਬੱਧਤਾ ਅਤੇ ਕਾਰਵਾਈਆਂ ਨੇ ਕੁੱਲ ਆਲਮ ਨੂੰ ਇਕ ਨਜ਼ਰ ਨਾਲ ਦੇਖਣ ਵਾਲੀ ਦੁਨੀਆ ਸਿਰਜਣ ਲਈ ਰਾਹ ਪੱਧਰਾ ਕੀਤਾ ਹੈ। ” ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਭਾਰਤ, ‘ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ’ ਦੇ ਵਿਸ਼ੇ ਤੋਂ ਪ੍ਰੇਰਣਾ ਲੈਂਦਿਆਂ ੲੇਕਤਾ ਬਣਾਉਣ ਲਈ ਕੰਮ ਕਰੇਗਾ ਅਤੇ ਦਹਿਸ਼ਤਗਰਦੀ, ਜਲਵਾਯੂ ਤਬਦੀਲੀ, ਮਹਾਮਾਰੀ ਨੂੰ ਸਭ ਤੋਂ ਵੱਡੀ ਚੁਣੌਤੀ ਵਜੋਂ ਪੇਸ਼ ਕਰੇਗਾ, ਜਿਨ੍ਹਾਂ ਨਾਲ ਇਕਜੁੱਟ ਹੋ ਕੇ ਬਿਹਤਰ ਤਰੀਕੇ ਨਾਲ ਨਜਿੱਠਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਜੀ-20 ਏਜੰਡਾ ਸੰਮਲਿਤ ਉਤਸ਼ਾਹੀ, ਕਾਰਵਾਈ ਵਲ ਸੇਧਿਤ ਅਤੇ ਫੈਸਲਾਕੁਨ ਹੋਵੇਗਾ। -ਪੀਟੀਆਈ