ਨਵੀਂ ਦਿੱਲੀ, 16 ਦਸੰਬਰ
ਇਥੇ ਪੰਜਵੀਂ ਦੀ ਵਿਦਿਆਰਥਣ ਦੇ ਸਿਰ ‘ਤੇ ਕੈਂਚੀ ਨਾਲ ਵਾਰ ਕਰਨ ਅਤੇ ਫਿਰ ਉਸ ਨੂੰ ਸਕੂਲ ਦੀ ਇਮਾਰਤ ਦੀ ਪਹਿਲੀ ਮੰਜ਼ਿਲ ਤੋਂ ਸੁੱਟਣ ਦੇ ਦੋਸ਼ ‘ਚ ਅੱਜ ਪ੍ਰਾਇਮਰੀ ਸਕੂਲ ਦੇ ਅਧਿਆਪਕਾ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਲੜਕੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਹ ਘਟਨਾ ਦਿੱਲੀ ਦੇ ਰਾਣੀ ਝਾਂਸੀ ਰੋਡ ਨੇੜੇ ਮਾਡਲ ਬਸਤੀ ਦੇ ਸਾਹਮਣੇ ਪ੍ਰਥਮਿਕ ਵਿਦਿਆਲਿਆ ਦੀ ਹੈ। ਪੁਲੀਸ ਅਧਿਕਾਰੀ ਅਨੁਸਾਰ ਸਵੇਰੇ 11.15 ਵਜੇ ਦੇ ਕਰੀਬ ਡੀਬੀਜੀ ਪੁਲੀਸ ਸਟੇਸ਼ਨ ਵਿੱਚ ਬੱਚੇ ਨੂੰ ਅਧਿਆਪਕ ਵੱਲੋਂ ਪਹਿਲੀ ਮੰਜ਼ਿਲ ਤੋਂ ਸੁੱਟਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਸਟੇਸ਼ਨ ਹਾਊਸ ਅਫਸਰ ਪੁਲੀਸ ਟੀਮ ਸਮੇਤ ਮੌਕੇ ‘ਤੇ ਪਹੁੰਚ ਗਿਆ। ਵਿਦਿਆਰਥੀ ਦਾ ਹਿੰਦੂਰਾਓ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ, ਜਦਕਿ ਮੁਲਜ਼ਮ ਅਧਿਆਪਕਾ ਦੀ ਪਛਾਣ ਗੀਤਾ ਦੇਸ਼ਵਾਲ ਵਜੋਂ ਹੋਈ ਹੈ। ਜਾਂਚ ਨਾਲ ਜੁੜੇ ਅਧਿਕਾਰੀ ਨੇ ਦੱਸਿਆ ਕਿ ਚਸ਼ਮਦੀਦ ਗਵਾਹ ਦੇ ਬਿਆਨ ਦੇ ਆਧਾਰ ‘ਤੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।