ਦੋਹਾ, 16 ਦਸੰਬਰ
ਕਤਰ ‘ਚ ਖੇਡੇ ਜਾ ਰਹੇ ਫੀਫਾ ਫੁਟਬਾਲ ਵਿਸ਼ਵ ਕੱਪ ‘ਚ ਤੀਜੇ ਸਥਾਨ ਲਈ ਮੋਰੱਕੋ ਅਤੇ ਕ੍ਰੋਏਸ਼ੀਆ ਦੀਆਂ ਟੀਮਾਂ ਵਿਚਾਲੇ ਭਲਕੇ ਰਾਤ ਸਾਢੇ 8 ਵਜੇ ਮੁਕਾਬਲਾ ਹੋਵੇਗਾ। ਸੈਮੀਫਾਈਨਲ ‘ਚ ਮੋਰੱਕੋ ਨੂੰ ਫਰਾਂਸ ਅਤੇ ਕ੍ਰੋਏਸ਼ੀਆ ਨੂੰ ਅਰਜਨਟੀਨਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੋਰੱਕੋ ਦੀ ਟੀਮ ਨੇ ਵਿਸ਼ਵ ਕੱਪ ਦੇ ਆਖਰੀ ਚਾਰ ‘ਚ ਪਹੁੰਚ ਕੇ ਇਤਿਹਾਸ ਸਿਰਜਿਆ ਸੀ।
ਮੋਰੱਕੋ ਦੇ ਖਿਡਾਰੀ ਜ਼ਕਰੀਆ ਅਬੂਖਲ ਨੇ ਕਿਹਾ ਕਿ ਉਨ੍ਹਾਂ ਦੀ ਟੀਮ 2022 ਦੇ ਵਿਸ਼ਵ ਕੱਪ ਦੀ ਸਮਾਪਤੀ ਜਿੱਤ ਨਾਲ ਕਰਨਾ ਚਾਹੇਗੀ। ਮੋਰੱਕੋ ਦੇ ਇਸ ਖਿਡਾਰੀ ਦਾ ਜਨਮ ਨੈਦਰਲੈਂਡਜ਼ ‘ਚ ਹੋਇਆ ਸੀ ਅਤੇ ਉਹ ਨਵੰਬਰ 2020 ਤੋਂ ਮੋਰੱਕੋ ਲਈ ਖੇਡ ਰਿਹਾ ਹੈ।
ਉਸ ਨੇ ਕਿਹਾ ਕਿ ਵਿਸ਼ਵ ਕੱਪ ਦਾ ਤਜਰਬਾ ਜ਼ਬਰਦਸਤ ਰਿਹਾ। ‘ਵਿਸ਼ਵ ਕੱਪ ‘ਚ ਖੇਡਣ ਦਾ ਮੇਰਾ ਸੁਫ਼ਨਾ ਸੀ ਅਤੇ ਇਹ ਮੈਂ 22 ਵਰ੍ਹਿਆਂ ‘ਚ ਹੀ ਪੂਰਾ ਕਰ ਲਿਆ ਹੈ।’ ਕਈ ਲੋਕਾਂ ਦਾ ਮੰਨਣਾ ਹੈ ਕਿ ਤੀਜੇ ਸਥਾਨ ਦੇ ਮੈਚ ਦੀ ਕੋਈ ਲੋੜ ਨਹੀਂ ਹੈ ਪਰ ਅਬੂਖਲ ਇਸ ਤੋਂ ਸਹਿਮਤ ਨਹੀਂ ਹੈ। ਉਸ ਨੇ ਕਿਹਾ ਕਿ ਮੋਰੱਕੋ ਵਿਸ਼ਵ ਕੱਪ ‘ਚ ਤੀਜਾ ਸਥਾਨ ਹਾਸਲ ਕਰਨ ਲਈ ਪੂਰਾ ਜ਼ੋਰ ਲਗਾਏਗਾ। ਕ੍ਰੋਏਸ਼ੀਆ ਦੇ ਫਾਰਵਰਡ ਕ੍ਰਾਮਰਿਚ ਤੀਜੇ ਸਥਾਨ ਦੇ ਮੁਕਾਬਲੇ ਨੂੰ ਆਪਣੇ ਮੁਲਕ ਦੇ ਫੁਟਬਾਲ ਨਾਇਕਾਂ ‘ਚ ਅਮਰ ਬਣਨ ਵਜੋਂ ਦੇਖ ਰਹੇ ਹਨ।
ਉਸ ਨੇ ਕਿਹਾ ਕਿ ਟੀਮ ਦੇ ਅੱਠ ਖਿਡਾਰੀਆਂ ਨੂੰ ਵਿਸ਼ਵ ਕੱਪ ‘ਚ ਤਗਮਾ ਜਿੱਤਣ ਦਾ ਅਹਿਸਾਸ ਹੈ। ਕ੍ਰਾਮਰਿਚ ਨੇ ਕਿਹਾ ਕਿ ਮੁੜ ਤੋਂ ਤਗਮਾ ਹਾਸਲ ਕਰਨ ਨੂੰ ਲੈ ਕੇ ਖਿਡਾਰੀ ਉਤਸ਼ਾਹਿਤ ਹਨ ਅਤੇ ਉਹ ਮੈਚ ਜਿੱਤਣ ਦੀ ਪੂਰੀ ਕੋਸ਼ਿਸ਼ ਕਰਨਗੇ। -ਆਈਏਐੱਨਐੱਸ
ਮੋਰੱਕੋ ਵਿੱਚ ਹੋਵੇਗਾ ਕਲੱਬ ਵਿਸ਼ਵ ਕੱਪ
ਦੋਹਾ: ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਦੇਸ਼ ਮੋਰੱਕੋ ਨੂੰ ਫਰਵਰੀ ਵਿੱਚ ਹੋਣ ਵਾਲੇ ਕਲੱਬ ਵਿਸ਼ਵ ਕੱਪ ਫੁਟਬਾਲ ਦੀ ਮੇਜ਼ਬਾਨੀ ਸੌਂਪੀ ਗਈ ਹੈ। ਯੂਰੋਪੀਅਨ ਚੈਂਪੀਅਨ ਰੀਆਲ ਮੈਡਰਿਡ, ਦੱਖਣ ਅਮਰੀਕੀ ਚੈਂਪੀਅਨ ਫਲੈਮੇੇਂਗੋ ਤੇ ਅਮਰੀਕਾ ਤੋਂ ਪਹਿਲੀ ਕੋਂਕਾਕਾਫ ਚੈਂਪੀਅਨ ਲੀਗ ਜੇਤੂ ਸੀਆਟਲ ਸਾਊਂਡਰਜ਼ ਪਹਿਲੀ ਤੋਂ 11 ਫਰਵਰੀ ਤੱਕ ਹੋਣ ਵਾਲੇ ਸੱਤ ਟੀਮਾਂ ਦੇ ਰਵਾਇਤੀ ਟੂਰਨਾਮੈਂਟ ਵਿੱਚ ਖੇਡਣਗੇ। ਫੀਫਾ ਨੇ ਫ਼ੈਸਲਾ ਕੀਤਾ ਹੈ ਕਿ ਕਤਰ ਵਿੱਚ ਵਿਸ਼ਵ ਕੱਪ ਦੇ ਸੈਮੀਫਾਈਨਲ ਤੱਕ ਮੋਰੱਕੋ ਦੀ ਸ਼ਾਨਦਾਰ ਖੇਡ ਮਗਰੋਂ ਉਹ ਅਗਲੇ ਗਲੋਬਲ ਫੁਟਬਾਲ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਫੀਫਾ ਨੇ ਕਿਹਾ ਕਿ ਸੱਤ ਟੀਮਾਂ ਦਾ ਇਹ ਆਖ਼ਰੀ ਟੂਰਨਾਮੈਂਟ ਹੋਵੇਗਾ ਅਤੇ ਫਰਵਰੀ, 2025 ਵਿੱਚ ਇਸ ਵਿੱਚ 32 ਟੀਮਾਂ ਭਾਗ ਲੈਣਗੀਆਂ। ਮੋਰੱਕੋ ਵਿੱਚ 2013 ਅਤੇ 2014 ਦੌਰਾਨ ਵੀ ਟੂਰਨਾਮੈਂਟ ਹੋ ਚੁੱਕਿਆ ਹੈ, ਜੋ ਕ੍ਰਮਵਾਰ ਬਾਇਰਨ ਮਿਊਨਿਖ ਅਤੇ ਰੀਆਲ ਮੈਡਰਿਡ ਨੇ ਜਿੱਤਿਆ ਸੀ। -ਏਪੀ