ਕੋਲਕਾਤਾ, 18 ਦਸੰਬਰ
ਕੀਨੀਆ ਦੇ ਲਿਓਨਾਰਡ ਬਾਰਸੋਟੋਨ ਅਤੇ ਇਥੋਪੀਆ ਵਿੱਚ ਰਹਿਣ ਵਾਲੀ ਬਹਿਰੀਨ ਦੀ ਅਥਲੀਟ ਡੇਸੀ ਜੀਸਾ ਨੇ ਅੱਜ ਇੱਥੇ ਨਵੇਂ ਕੋਰਸ ਰਿਕਾਰਡ ਨਾਲ ਟਾਟਾ ਸਟੀਲ ਕੋਲਕਾਤਾ 25ਕੇ (ਕਿਲੋਮੀਟਰ) ਮੈਰਾਥਨ ਵਿੱਚ ਕ੍ਰਮਵਾਰ ਪੁਰਸ਼ਾਂ ਤੇ ਮਹਿਲਾਵਾਂ ਦਾ ਖ਼ਿਤਾਬ ਜਿੱਤਿਆ। ਬਾਰਸੋਟੋਨ ਨੇ 25 ਕਿਲੋਮੀਟਰ ਵਿੱਚ ਆਪਣੇ ਖ਼ਿਤਾਬ ਦਾ ਸ਼ਾਨਦਾਰ ਤਰੀਕੇ ਨਾਲ ਬਚਾਅ ਕੀਤਾ ਅਤੇ 2019 ‘ਚ ਬਣਾਏ ਆਪਣੇ ਰਿਕਾਰਡ ਨੂੰ ਤੋੜਿਆ। ਉਸ ਨੇ ਇਕ ਘੰਟ 12 ਮਿੰਟ ਤੇ 49 ਸਕਿੰਟ ‘ਚ ਇਹ ਦੂਰੀ ਪੂਰੀ ਕੀਤੀ। ਇਸ ਅਥਲੀਟ ਨੇ 2019 ਵਿੱਚ ਇਕ ਘੰਟਾ, 13 ਮਿੰਟ ਤੇ ਪੰਜ ਸਕਿੰਟ ਦਾ ਸਮਾਂ ਲੈ ਕੇ ਜਿੱਤ ਹਾਸਲ ਕੀਤੀ ਸੀ।
ਮਹਿਲਾ ਵਰਗ ਵਿੱਚ ਜੀਸਾ ਨੇ ਲਗਪਗ ਇਕ ਮਿੰਟ ਦੇ ਫਰਕ ਨਾਲ ਨਵਾਂ ਰਿਕਾਰਡ ਬਣਾਇਆ। ਉਸ ਨੇ ਇਕ ਘੰਟਾ, 22 ਮਿੰਟ ਤੇ 9 ਸਕਿੰਟ ਦੇ ਪਿਛਲੇ ਰਿਕਾਰਡ ਨੂੰ ਤੋੜਿਆ। ਪਿਛਲਾ ਰਿਕਾਰਡ ਇਥੋਪੀਆ ਦੀ ਗੁਟੇਨੀ ਸ਼ੋਨ ਦੇ ਨਾਂ ਸੀ। ਬਾਰਸੋਟੋਨ ਅਤੇ ਡੇਸੀ ਜੀਸਾ ਨੂੰ ਆਪੋ-ਆਪਣੇ ਵਰਗਾਂ ਵਿੱਚ ਸਿਖ਼ਰ ‘ਤੇ ਰਹਿਣ ਲਈ 7500 ਡਾਲਰ ਦੀ ਪੁਰਸਕਾਰ ਰਾਸ਼ੀ ਮਿਲੀ। ਇਸ ਤੋਂ ਇਲਾਵਾ ਕੋਰਸ ਰਿਕਾਰਡ ਬਣਾਉਣ ਲਈ ਦੋਵਾਂ ਵਿੱਚੋਂ ਹਰੇਕ ਨੂੰ 3000 ਡਾਲਰ ਦਾ ਬੋਨਸ ਵੀ ਦਿੱਤਾ ਗਿਆ।
ਭਾਰਤੀ ਅਥਲੀਟ ਪੁਰਸ਼ ਵਰਗ ਵਿੱਚ ਅਮੇਠੀ ‘ਚ ਜਨਮੇ ਅਭਿਸ਼ੇਕ ਪਾਲ ਨੇ ਪਹਿਲਾ ਸਥਾਨ ਹਾਸਲ ਕੀਤਾ ਤੇ ਇਸ ਵਾਸਤੇ ਉਸ ਨੂੰ 2,75,000 ਰੁਪਏ ਦੀ ਇਨਾਮੀ ਰਾਸ਼ੀ ਮਿਲੀ। ਉਸ ਨੇ ਇਕ ਘੰਟਾ, 17 ਮਿੰਟ ਤੇ 52 ਸਕਿੰਟ ਦਾ ਸਮਾਂ ਲੈ ਕੇ ਦੌੜ ਪੂਰੀ ਕੀਤੀ। ਭਾਰਤੀਆਂ ‘ਚੋਂ ਮਹਿਲਾ ਵਰਗ ‘ਚ ਸੰਜੀਵਨੀ ਬਾਬੂਰਾਓ ਜਾਧਵ ਨੇ ਪਹਿਲਾ ਸਥਾਨ ਹਾਸਲ ਕੀਤਾ। -ਪੀਟੀਆਈ