ਸਿਓਲ, 18 ਦਸੰਬਰ
ਉੱਤਰੀ ਕੋਰੀਆ ਨੇ ਅੱਜ ਜਾਪਾਨ ਤੱਕ ਮਾਰ ਕਰਨ ਦੀ ਸਮਰੱਥਾ ਵਾਲੀਆਂ ਦੋ ਮਿਜ਼ਾਈਲਾਂ ਦਾਗੀਆਂ। ਮੰਨਿਆ ਜਾ ਰਿਹਾ ਹੈ ਕਿ ਉੱਤਰੀ ਕੋਰੀਆ ਤੇ ਚੀਨ ਦੇ ਹਮਲਾਵਰ ਰੁਖ਼ ਖ਼ਿਲਾਫ਼ ਟੋਕੀਓ ਵੱਲੋਂ ਅਪਣਾਈ ਗਈ ਨਵੀਂ ਸੁਰੱਖਿਆ ਰਣਨੀਤੀ ਦੇ ਵਿਰੋਧ ਵਜੋਂ ਉੱਤਰੀ ਕੋਰੀਆ ਨੇ ਜਾਪਾਨ ਵੱਲ ਇਹ ਮਿਜ਼ਾਈਲਾਂ ਦਾਗੀਆਂ ਹਨ। ਉੱਤਰ ਕੋਰੀਆ ਨੇ ਦੋ ਦਿਨ ਪਹਿਲਾਂ ਮੁੱਖ ਅਮਰੀਕਾ ਤੱਕ ਮਾਰ ਕਰਨ ਦੇ ਸਮਰੱਥ ਇਕ ਤਾਕਤਵਰ ਅੰਤਰ-ਮਹਾਦੀਪ ਬੈਲਿਸਟਿਕ ਮਿਜ਼ਾਈਲ (ਆਈਸੀਬੀਐੱਮ) ਬਣਾਉਣ ਲਈ ਲੋੜੀਂਦੇ ਜ਼ਰੂਰੀ ਪਰੀਖਣ ਕਰਨ ਦਾ ਦਾਅਵਾ ਕੀਤਾ ਸੀ। ਦੱਖਣੀ ਕੋਰੀਆ ਤੇ ਜਾਪਾਨ ਦੀਆਂ ਸਰਕਾਰਾਂ ਮੁਤਾਬਕ ਉੱਤਰ ਕੋਰੀਆ ਦੇ ਉੱਤਰ-ਪੂਰਬ ਵਿੱਚ ਪੈਂਦੇ ਤੋਂਗਚਾਂਗਰੀ ਇਲਾਕੇ ਵਿੱਚੋਂ ਦਾਗੀਆਂ ਗਈਆਂ ਦੋ ਬੈਲਿਸਟਿਕ ਮਿਜ਼ਾਈਲਾਂ ਨੇ ਕੋਰਿਆਈ ਪ੍ਰਾਇਦੀਪ ਅਤੇ ਜਾਪਾਨ ਵਿਚਾਲੇ ਸਮੁੰਦਰ ਵਿੱਚ ਡਿੱਗਣ ਤੋਂ ਪਹਿਲਾਂ ਕਰੀਬ 500 ਕਿਲੋਮੀਟਰ (310 ਮੀਲ) ਦੀ ਦੂਰੀ ਤੈਅ ਕੀਤੀ। ਦੱਖਣੀ ਕੋਰੀਆ ਦੀ ਫ਼ੌਜ ਨੇ ਕਿਹਾ ਕਿ ਦੋਵੇਂ ਮਿਜ਼ਾਈਲਾਂ ਖੜ੍ਹੇ ਕੋਣ ‘ਤੇ ਦਾਗੀਆਂ ਗਈਆਂ। ਜੇਕਰ ਇਹ ਮਿਜ਼ਾਈਲਾਂ ਨਿਰਧਾਰਤ ਮਾਪਦੰਡਾਂ ਅਨੁਸਾਰ ਦਾਗੀਆਂ ਜਾਂਦੀਆਂ ਤਾਂ ਇਹ ਹੋਰ ਅੱਗੇ ਤੱਕ ਮਾਰ ਕਰ ਸਕਦੀਆਂ ਸਨ। ਉੱਧਰ, ਜਾਪਾਨ ਦੇ ਉਪ ਰੱਖਿਆ ਮੰਤਰੀ ਤੋਸ਼ਿਰੋ ਇਨੋ ਨੇ ਜਾਪਾਨ, ਖਿੱਤੇ ਅਤੇ ਕੌਮਾਂਤਰੀ ਭਾਈਚਾਰੇ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਣ ਲਈ ਉੱਤਰ ਕੋਰੀਆ ਦੀ ਆਲੋਚਨਾ ਕੀਤੀ। -ਏਪੀ