ਨਵੀਂ ਦਿੱਲੀ, 20 ਦਸੰਬਰ
ਰਾਜ ਸਭਾ ‘ਚ ਸਦਨ ਦੇ ਨੇਤਾ ਪੀਯੂਸ਼ ਗੋਇਲ ਨੇ ਅੱਜ ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ‘ਤੇ ‘ਗਲਤ ਭਾਸ਼ਣ’ ਅਤੇ ‘ਬੇਬੁਨਿਆਦ ਗੱਲਾਂ ਕਰਨ ਦਾ ਦੋਸ਼ ਲਗਾਇਆ ਅਤੇ ਉਨ੍ਹਾਂ ਨੂੰ ਮੁਆਫੀ ਮੰਗਣ ਲਈ ਕਿਹਾ। ਸ੍ਰੀ ਗੋਇਲ ਨੇ ਰਾਜ ਸਭਾ ‘ਚ ਸਿਫਰ ਕਾਲ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਖੜਗੇ ‘ਤੇ ਇਹ ਦੋਸ਼ ਲਾਏ। ਇਸ ‘ਤੇ ਖੜਗੇ ਨੇ ਕਿਹਾ ਕਿ ਸਦਨ ਦੇ ਨੇਤਾ ਜਿਸ ਭਾਸ਼ਨ ਦਾ ਜ਼ਿਕਰ ਕਰ ਰਹੇ ਸਨ, ਉਹ ਸਦਨ ਦੇ ਬਾਹਰ ਦਿੱਤਾ ਗਿਆ ਸੀ, ਇਸ ਲਈ ਸਦਨ ‘ਚ ਇਸ ‘ਤੇ ਚਰਚਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਜਵਾਬੀ ਕਾਰਵਾਈ ਕਰਦਿਆਂ ਦੋਸ਼ ਲਾਇਆ, ‘ਅਜ਼ਾਦੀ ਅੰਦੋਲਨ ਦੌਰਾਨ ਅੰਗਰੇਜ਼ਾਂ ਤੋਂ ਮੁਆਫ਼ੀ ਮੰਗਣ ਵਾਲੇ ਆਜ਼ਾਦੀ ਅੰਦੋਲਨ ਵਿੱਚ ਯੋਗਦਾਨ ਪਾਉਣ ਵਾਲਿਆਂ ਤੋਂ ਮੁਆਫ਼ੀ ਮੰਗਣ ਦੀ ਮੰਗ ਰਹੇ ਹਨ।’