ਪੇਈਚਿੰਗ, 21 ਦਸੰਬਰ
ਆਸਟਰੇਲੀਆ ਤੇ ਚੀਨ ਵਿਚਾਲੇ ਉੱਚ ਪੱਧਰੀ ਸਿਆਸੀ ਸੰਪਰਕ ਅਤੇ ਸਬੰਧਾਂ ਵਿੱਚ ਮੁੜ ਤੋਂ ਸਥਿਰਤਾ ਲਿਆਉਣ ਦੀ ਕੋਸ਼ਿਸ਼ ਤਹਿਤ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵੱਲੋਂ ਅੱਜ ਪੇਈਚਿੰਗ ਵਿੱਚ ਮੁਲਾਕਾਤ ਕੀਤੀ ਗਈ। ਜ਼ਿਕਰਯੋਗ ਹੈ ਕਿ ਹਾਲ ਦੇ ਕੁਝ ਸਾਲਾਂ ਵਿੱਚ ਦੋਹਾਂ ਦੇਸ਼ਾਂ ਦੇ ਸਬੰਧਾਂ ਵਿੱਚ ਗੜਬੜੀ ਚੱਲ ਰਹੀ ਸੀ।
ਆਸਟਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੌਂਗ ਵੱਲੋਂ ਪੇਈਚਿੰਗ ਦਾ ਇਹ ਦੌਰਾ ਦੋਹਾਂ ਦੇਸ਼ਾਂ ਵਿਚਾਲੇ ਕੂਟਨੀਤਕ ਸਬੰਧਾਂ ਦੇ 50 ਸਾਲ ਪੂਰੇ ਹੋਣ ਮੌਕੇ ਕੀਤਾ ਗਿਆ ਹੈ। ਇਸ ਪ੍ਰਤੀਕਾਤਮਕ ਮੌਕੇ ‘ਤੇ ਦੋਹਾਂ ਦੇਸ਼ਾਂ ਨੂੰ ਉਨ੍ਹਾਂ ਦੇ ਸਬੰਧਾਂ ਵਿੱਚ ਮੁੜ ਸੁਧਾਰ ਹੋਣ ਦੀ ਆਸ ਹੈ।
ਆਸਟਰੇਲੀਅਨ ਐਸੋਸੀਏਟ ਪ੍ਰੈੱਸ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਆਸਟਰੇਲੀਆ ਦੇ ਕਿਸੇ ਵਿਦੇਸ਼ ਮੰਤਰੀ ਵੱਲੋਂ ਚੀਨ ਦਾ ਇਹ ਪਹਿਲਾ ਦੌਰਾ ਹੈ। ਇਸ ਦੌਰਾਨ ਵੌਂਗ ਵੱਲੋਂ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕੀਤੀ ਗਈ। ਆਸਟਰੇਲੀਆ ਐਸੋਸੀਏਟ ਪ੍ਰੈੱਸ ਨੇ ਵੌਂਗ ਦੇ ਹਵਾਲੇ ਨੇ ਕਿਹਾ, ”ਕਿਸੇ ਖਿੱਤੇ ਵਿੱਚ ਸਾਡੇ ਸਾਰਿਆਂ ਦੇ ਸਾਂਝੇੇ ਹਿੱਤ ਦੀ ਜਿਹੜੀ ਗੱਲ ਹੁੰਦੀ ਹੈ ਉਹ ਹੈ ਪ੍ਰਭੂਸੱਤਾ, ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ।” ਉਨ੍ਹਾਂ ਕਿਹਾ, ”ਆਸਟਰੇਲੀਆ ਤੇ ਚੀਨ ਵਿਚਾਲੇ ਸਥਿਰ ਸਬੰਧਾਂ ਰਾਹੀਂ ਅਸੀਂ ਆਪਣੇ ਲੋਕਾਂ, ਆਪਣੇ ਖਿੱਤੇ ਅਤੇ ਵਿਸ਼ਵ ਦੀ ਸ਼ਾਂਤੀ ਤੇ ਸੁਰੱਖਿਆ ਯਕੀਨੀ ਬਣਾ ਸਕਦੇ ਹਾਂ।”
ਵੌਂਗ ਦੇ ਇਸ ਦੌਰੇ ਨਾਲ ਚੀਨ ਵੱਲੋਂ ਦਰਾਮਦ ‘ਤੇ ਲਗਾਈ ਗਈ ਰੋਕ ਖ਼ਤਮ ਹੋਣ ਅਤੇ ਚੀਨ ਵੱਲੋਂ ਹਿਰਾਸਤ ‘ਚ ਰੱਖੇ ਹੋਏ ਦੋ ਆਸਟਰੇਲਿਆਈ ਨਾਗਰਿਕਾਂ ਦੀ ਰਿਹਾਈ ਦੀ ਆਸ ਵੀ ਬੱਝੀ ਹੈ। ਵੌਂਗ ਨੇ ਕਿਹਾ ਕਿ ਉਹ ਚੀਨ ਵਿੱਚ ਆਸਟਰੇਲਿਆਈ ਨਾਗਰਿਕਾਂ ਦਾ ਮੁੱਦਾ ਉਠਾਉਂਦੇ ਰਹਿਣਗੇ। -ਏਪੀ