ਨਵੀਂ ਦਿੱਲੀ, 22 ਦਸੰਬਰ
ਕੌਮੀ ਜਾਂਚ ਏਜੰਸੀ (ਐਨਆਈਏ) ਨੇ ਮਾਓਵਾਦੀ ਹਮਲੇ ਦੇ ਮਾਮਲੇ ‘ਚ 23 ਲੋਕਾਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ। ਇਸ ਹਮਲੇ ‘ਚ 22 ਸੁਰੱਖਿਆ ਮੁਲਾਜ਼ਮਾਂ ਦਾ ਮੌਤ ਹੋਈ ਸੀ। ਐਨਆਈਏ ਦੇ ਬੁਲਾਰੇ ਨੇ ਦੱਸਿਆ ਕਿ ਬੀਜਾਪੁਰ ਜ਼ਿਲ੍ਹੇ ਦੇ ਤਾਰੇਮ ਥਾਣੇ ਅਧੀਨ ਆਉਂਦੇ ਟੇਕਲਗੁਡੀਅਮ ਪਿੰਡ ਨੇੜੇ ਪਿਛਲੇ ਸਾਲ 3 ਅਪਰੈਲ ਨੂੰ ਹੋਏ ਹਮਲੇ ਵਿੱਚ 35 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ। ਇਸ ਸਬੰਧੀ ਕੇਸ ਪਹਿਲਾਂ ਤਾਰੇਮ ਥਾਣੇ ਵਿੱਚ ਦਰਜ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਇਸ ਸਾਲ 5 ਜੂਨ ਨੂੰ ਐਨਆਈਏ ਨੇ ਦੁਬਾਰਾ ਕੇਸ ਦਰਜ ਕੀਤਾ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਜੋ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਮੈਂਬਰ ਹਨ, ਨੇ ਅਤਿਵਾਦੀ ਕਾਰਵਾਈ ਦੀ ਸਾਜ਼ਿਸ਼ ਰਚੀ ਅਤੇ ਸੀਪੀਆਈ (ਮਾਓਵਾਦੀ) ਦੇ ਹਥਿਆਰਬੰਦ ਕਾਰਕੁਨਾਂ ਨੇ ਸੀਆਰਪੀਐਫ, ਕੋਬਰਾ, ਡੀਆਰਜੀ ਅਤੇ ਪੁਲੀਸ ਮੁਲਾਜ਼ਮਾਂ ਦੀ ਸਾਂਝੀ ਟੀਮ ‘ਤੇ ਭਾਰੀ ਹਥਿਆਰਾਂ ਨਾਲ ਹਮਲਾ ਕੀਤਾ ਸੀ। ਉਨ੍ਹਾਂ ਨੇ ਕੋਬਰਾ ਦੇ ਇੱਕ ਜਵਾਨ ਰਾਕੇਸ਼ਵਰ ਸਿੰਘ ਮਨਹਾਸ ਨੂੰ ਅਗਵਾ ਕਰ ਲਿਆ ਸੀ ਅਤੇ ਉਸ ਦਾ ਹਥਿਆਰ ਲੁੱਟ ਲਿਆ ਸੀ। –ਪੀਟੀਆਈ