ਮੀਰਪੁਰ, 23 ਦਸੰਬਰ
ਰਿਸ਼ਭ ਪੰਤ ਦੀ 93 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਬੰਗਲਾਦੇਸ਼ ਖ਼ਿਲਾਫ਼ ਦੂਜੇ ਟੈਸਟ ਦੇ ਦੂਜੇ ਦਿਨ ਆਪਣੀ ਪਹਿਲੀ ਪਾਰੀ ਵਿੱਚ 314 ਦੌੜਾਂ ਬਣਾ ਕੇ 87 ਦੌੜਾਂ ਦੀ ਲੀਡ ਲਈ। ਬੰਗਲਾਦੇਸ਼ ਨੇ ਪਹਿਲੀ ਪਾਰੀ ਵਿੱਚ 227 ਦੌੜਾਂ ਬਣਾਈਆਂ ਸਨ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਮੇਜ਼ਬਾਨ ਟੀਮ ਬਿਨਾਂ ਕਿਸੇ ਨੁਕਸਾਨ ਦੇ ਸੱਤ ਦੌੜਾਂ ‘ਤੇ ਖੇਡ ਰਹੀ ਸੀ। ਭਾਰਤ ਦੀ ਪਾਰੀ ਵਿੱਚ ਪੰਤ ਤੋਂ ਇਲਾਵਾ ਸ਼੍ਰੇਅਸ ਅਈਅਰ ਨੇ ਵੀ 87 ਦੌੜਾਂ ਦਾ ਯੋਗਦਾਨ ਪਾਇਆ ਪਰ ਦੋਵੇਂ ਆਪੋ-ਆਪਣੇ ਸੈਂਕੜੇ ਤੋਂ ਖੁੰਝ ਗਏ। ਇਸ ਤੋਂ ਪਹਿਲਾਂ ਭਾਰਤ ਦੀ ਸ਼ੁਰੂਆਤ ਬਹੁਤੀ ਚੰਗੀ ਨਹੀਂ ਰਹੀ। ਭਾਰਤੀ ਟੀਮ 94 ਦੌੜਾਂ ‘ਤੇ ਹੀ ਕਪਤਾਨ ਰਾਹੁਲ (10), ਸ਼ੁਭਮਨ ਗਿੱਲ (20), ਚੇਤੇਸ਼ਵਰ ਪੁਜਾਰਾ (24) ਅਤੇ ਵਿਰਾਟ ਕੋਹਲੀ (24) ਦੇ ਰੂਪ ਵਿੱਚ ਚਾਰ ਵਿਕਟਾਂ ਗੁਆ ਚੁੱਕੀ ਸੀ। ਬਾਅਦ ਵਿੱਚ ਬੱਲੇਬਾਜ਼ੀ ਕਰਨ ਆਏ ਪੰਤ ਅਤੇ ਅਈਅਰ ਨੇ ਪੰਜਵੀਂ ਵਿਕਟ ਲਈ 159 ਦੌੜਾਂ ਜੋੜੀਆਂ। ਇਸ ਮਗਰੋਂ ਦੋਵਾਂ ਦੇ ਆਊਟ ਹੋਣ ਬਾਅਦ ਭਾਰਤ ਦਾ ਕੋਈ ਵੀ ਬੱਲੇਬਾਜ਼ ਟਿਕ ਨਹੀਂ ਸਕਿਆ ਅਤੇ ਟੀਮ 314 ਦੌੜਾਂ ‘ਤੇ ਆਊਟ ਹੋ ਗਈ। ਬੰਗਲਾਦੇਸ਼ ਲਈ ਕਪਤਾਨ ਸ਼ਾਕਿਬ ਅਲ ਹਸਨ ਅਤੇ ਤਾਇਜੁਲ ਇਸਲਾਮ ਨੇ ਚਾਰ-ਚਾਰ ਤੇ ਤਸਕੀਨ ਅਹਿਮਦ ਤੇ ਮਹਿਦੀ ਹਸਨ ਮਿਰਾਜ਼ ਨੇ ਇੱਕ-ਇੱਕ ਵਿਕਟ ਲਈ। -ਪੀਟੀਆਈ