ਮੀਰਪੁਰ: ਸ਼੍ਰੇਅਸ ਅਈਅਰ ਅਤੇ ਰਵੀਚੰਦਰਨ ਅਸ਼ਵਿਨ ਦੀ ਅੱਠਵੀਂ ਵਿਕਟ ਲਈ 71 ਦੌੜਾਂ ਦੀ ਨਾਬਾਦ ਸਾਂਝੇਦਾਰੀ ਨੇ ਅੱਜ ਭਾਰਤ ਨੂੰ ਇੱਥੇ ਬੰਗਲਾਦੇਸ਼ ਖ਼ਿਲਾਫ਼ ਦੂਜੇ ਅਤੇ ਆਖਰੀ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ ਮੁਸ਼ਕਲ ਹਾਲਾਤ ‘ਚੋਂ ਕੱਢਿਆ ਅਤੇ ਟੀਮ ਨੂੰ ਤਿੰਨ ਵਿਕਟਾਂ ਨਾਲ ਜਿੱਤ ਦਿਵਾਈ। ਇਸ ਜਿੱਤ ਨਾਲ ਭਾਰਤ ਨੇ ਇਹ ਲੜੀ 2-0 ਨਾਲ ਆਪਣੇ ਨਾਮ ਕਰ ਲਈ ਹੈ।
145 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਅੱਜ ਸਵੇਰੇ ਚਾਰ ਵਿਕਟਾਂ ‘ਤੇ 45 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪਰ ਟੀਮ ਨੇ ਤਿੰਨ ਵਿਕਟਾਂ ਜਲਦੀ ਗੁਆ ਦਿੱਤੀਆਂ, ਜਿਸ ਕਰ ਕੇ ਸਕੋਰ ਸੱਤ ਵਿਕਟਾਂ ਦੇ ਨੁਕਸਾਨ ‘ਤੇ 74 ਦੌੜਾਂ ਹੋ ਗਿਆ। ਇਸ ਮਗਰੋਂ ਅਈਅਰ (46 ਗੇਂਦਾਂ ‘ਤੇ ਨਾਬਾਦ 29 ਦੌੜਾਂ) ਅਤੇ ਅਸ਼ਵਿਨ (66 ਗੇਂਦਾਂ ‘ਤੇ ਨਾਬਾਦ 42 ਦੌੜਾਂ) ਨੇ ਪਾਰੀ ਦੀ ਕਮਾਨ ਸੰਭਾਲੀ ਅਤੇ 105 ਗੇਂਦਾਂ ‘ਤੇ 71 ਦੌੜਾਂ ਦੀ ਸਾਂਝੇਦਾਰੀ ਕਰ ਕੇ ਭਾਰਤ ਨੂੰ ਟੀਚੇ ਤੱਕ ਪਹੁੰਚਾਇਆ। ਬੰਗਲਾਦੇਸ਼ ਦੇ ਆਫ ਸਪਿੰਨਰ ਮਹਿਦੀ ਹਸਨ ਮਿਰਾਜ਼ (63 ਦੌੜਾਂ ਦੇ ਕੇ ਪੰਜ ਵਿਕਟਾਂ) ਨੇ ਪੰਜ ਵਿਕਟਾਂ ਲਈਆਂ ਪਰ ਉਸ ਨੂੰ ਹੋਰ ਗੇਂਦਬਾਜ਼ ਕੋਲੋਂ ਬਹੁਤਾ ਸਾਥ ਨਹੀਂ ਮਿਲਿਆ। ਇਸ ਤਰ੍ਹਾਂ ਭਾਰਤ ਨੇ ਦੋ ਮੈਚਾਂ ਦੀ ਲੜੀ 2-0 ਨਾਲ ਕਲੀਨ ਸਵੀਪ ਕਰ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਵੀ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ।
ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਨੇ ਪਹਿਲੀ ਪਾਰੀ ਵਿੱਚ 227 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ‘ਚ ਭਾਰਤ ਨੇ 314 ਦੌੜਾਂ ਬਣਾ ਕੇ 87 ਦੌੜਾਂ ਦੀ ਲੀਡ ਲਈ ਸੀ। ਇਸ ਮਗਰੋਂ ਬੰਗਲਾਦੇਸ਼ ਨੇ ਆਪਣੀ ਦੂਜੀ ਪਾਰੀ ਵਿੱਚ 231 ਦੌੜਾਂ ਬਣਾ ਕੇ ਭਾਰਤ ਸਾਹਮਣੇ 145 ਦੌੜਾਂ ਦਾ ਟੀਚਾ ਰੱਖਿਆ ਸੀ, ਜੋ ਭਾਰਤ ਨੇ ਅੱਜ ਸੱਤ ਵਿਕਟਾਂ ਗੁਆ ਕੇ ਪੂਰਾ ਕਰ ਲਿਆ। -ਪੀਟੀਆਈ
ਡਬਲਿਊਟੀਸੀ ਅੰਕ ਸੂਚੀ ਵਿੱਚ ਭਾਰਤ ਦੂਜੇ ਸਥਾਨ ‘ਤੇ ਬਰਕਰਾਰ
ਦੁਬਈ: ਭਾਰਤ ਨੇ ਅੱਜ ਬੰਗਲਾਦੇਸ਼ ਖ਼ਿਲਾਫ਼ ਲੜੀ 2-0 ਨਾਲ ਜਿੱਤ ਕੇ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਦੀ ਅੰਕ ਸੂਚੀ ਵਿੱਚ ਆਸਟਰੇਲੀਆ ਤੋਂ ਬਾਅਦ ਦੂਜੇ ਸਥਾਨ ‘ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਇਸ ਜਿੱਤ ਨਾਲ ਭਾਰਤੀ ਟੀਮ ਦੇ 58.92 ਫੀਸਦੀ ਅੰਕ ਹੋ ਗਏ ਹਨ ਅਤੇ ਟੀਮ ਲਗਾਤਾਰ ਦੂਜੀ ਵਾਰ ਡਬਲਿਊਟੀਸੀ ਫਾਈਨਲ ਵਿੱਚ ਪਹੁੰਚਣ ਦੇ ਹੋਰ ਕਰੀਬ ਆ ਗਿਆ ਹੈ। ਭਾਰਤ ਨੇ ਹੁਣ ਅਗਲੇ ਸਾਲ ਫਰਵਰੀ-ਮਾਰਚ ਵਿੱਚ ਆਸਟਰੇਲੀਆ ਖ਼ਿਲਾਫ਼ ਚਾਰ ਟੈਸਟ ਮੈਚਾਂ ਦੀ ਲੜੀ ਖੇਡਣੀ ਹੈ, ਜੋ ਡਬਲਿਊਟੀਸੀ ਫਾਈਨਲ ਵਿੱਚ ਥਾਂ ਬਣਾਉਣ ਦੇ ਨਜ਼ਰੀਏ ਤੋਂ ਅਹਿਮ ਹੋਵੇਗੀ। ਉਧਰ ਤੀਜੇ ਸਥਾਨ ‘ਤੇ ਕਾਬਜ਼ ਦੱਖਣੀ ਅਫਰੀਕਾ ਦੀ ਟੀਮ ਵੀ ਦੂਜੇ ਸਥਾਨ ‘ਤੇ ਪਹੁੰਚ ਕੇ ਫਾਈਨਲ ‘ਚ ਜਗ੍ਹਾ ਬਣਾਉਣੀ ਚਾਹੇਗੀ। -ਪੀਟੀਆਈ