ਤਾਇਪੇ (ਤਾਇਵਾਨ), 26 ਦਸੰਬਰ
ਚੀਨ ਦੀ ਫ਼ੌਜ ਨੇ ਪਿਛਲੇ 24 ਘੰਟਿਆਂ ਵਿੱਚ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਤਾਇਵਾਨ ਵੱਲ 71 ਜੰਗੀ ਜਹਾਜ਼ ਅਤੇ ਸੱਤ ਜੰਗੀ ਬੇੜੇ ਭੇਜੇ। ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ। ਅਮਰੀਕਾ ਵੱਲੋਂ ਸ਼ਨਿਚਰਵਾਰ ਨੂੰ ਤਾਇਵਾਨ ਨਾਲ ਸਬੰਧਤ ਅਮਰੀਕੀ ਸਾਲਾਨਾ ਰੱਖਿਆ ਖਰਚ ਬਿੱਲ ਪਾਸ ਕੀਤੇ ਜਾਣ ਤੋਂ ਬਾਅਦ ਚੀਨ ਨੇ ਇਹ ਕਾਰਵਾਈ ਕੀਤੀ ਹੈ।
ਚੀਨ ਦੇ ਵਿਦੇਸ਼ ਮੰਤਰਾਲੇ ਨੇ ਸ਼ਨਿਚਰਵਾਰ ਨੂੰ ਇਕ ਬਿਆਨ ਵਿੱਚ ਬਿੱਲ ਪਾਸ ਹੋਣ ਨੂੰ ਇਕ ਗੰਭੀਰ ਸਿਆਸੀ ਭੜਕਾਹਟ ਕਰਾਰ ਦਿੰਦੇ ਹੋਏ ਕਿਹਾ ਸੀ ਕਿ ਇਹ ਚੀਨ ਦੇ ਅੰਦਰੂਨੀ ਮਾਮਲਿਆਂ ਵਿੱਚ ਖੁੱਲ੍ਹੇਆਮ ਦਖ਼ਲ ਹੈ। ਉੱਧਰ, ਤਾਇਵਾਨ ਨੇ ਇਸ ਬਿੱਲ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਖੁਦਮੁਖਤਿਆਰ ਦੀਪ ਪ੍ਰਤੀ ਅਮਰੀਕਾ ਦੇ ਸਮਰਥਨ ਨੂੰ ਦਰਸਾਉਂਦਾ ਹੈ।
ਤਾਇਵਾਨ ਦੇ ਕੌਮੀ ਰੱਖਿਆ ਮੰਤਰਾਲੇ ਅਨੁਸਾਰ ਤਾਇਵਾਨ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ 71 ਚੀਨੀ ਜੰਗੀ ਜਹਾਜ਼ ਤੇ ਸੱਤ ਜੰਗੀ ਬੇੜਿਆਂ ਦੀ ਹਲਚਲ ਦਰਜ ਕੀਤੀ ਗਈ। ਮੰਤਰਾਲੇ ਨੇ ਇਕ ਹੋਰ ਟਵੀਟ ਵਿੱਚ ਕਿਹਾ ਕਿ ਐਤਵਾਰ ਸਵੇਰੇ ਕਰੀਬ 6 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਵਿਚਾਲੇ ਤਾਇਨਾਨ ਦੀ ਹੱਦ ਅੰਦਰ ਦਾਖਲ ਹੋ ਗਏ। ਇਹ ਇਕ ਗੈਰ-ਰਸਮੀ ਸਰਹੱਦ ਹੈ ਜਿਸ ਨੂੰ ਦੋਹਾਂ ਧਿਰਾਂ ਨੇ ਚੁੱਪਚਾਪ ਮਨਜ਼ੂਰ ਕੀਤਾ ਹੋਇਆ ਹੈ। ਚੀਨ ਵੱਲੋਂ ਤਾਇਵਾਨ ਵੱਲ ਭੇਜੇ ਗਏ ਜਹਾਜ਼ਾਂ ਵਿੱਚ 18 ਜੇ-16 ਜੰਗੀ ਜਹਾਜ਼, 11 ਜੇ-1 ਜੰਗੀ ਜਹਾਜ਼, 6 ਐੱਸਯੂ-30 ਜੰਗੀ ਜਹਾਜ਼ ਤੇ ਡਰੋਨ ਸ਼ਾਮਲ ਸਨ। ਤਾਇਵਾਨ ਨੇ ਕਿਹਾ ਕਿ ਆਪਣੀਆਂ ਜ਼ਮੀਨ ਆਧਾਰਿਤ ਮਿਜ਼ਾਈਲ ਪ੍ਰਣਾਲੀਆਂ ਦੇ ਨਾਲ-ਨਾਲ ਆਪਣੇ ਜਲ ਸੈਨਾ ਦੇ ਜੰਗੀ ਬੇੜਿਆਂ ਰਾਹੀਂ ਉਹ ਚੀਨੀ ਕਾਰਵਾਈਆਂ ‘ਤੇ ਨਜ਼ਰ ਰੱਖ ਰਿਹਾ ਹੈ।
ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਦੇ ਈਸਟਰਨ ਥੀਏਟਰ ਕਮਾਂਡ ਦੇ ਤਰਜਮਾਨ ਸ਼ੀ ਯੀ ਨੇ ਐਤਵਾਰ ਨੂੰ ਇਕ ਬਿਆਨ ਵਿੱਚ ਕਿਹਾ, ”ਇਹ ਅਮਰੀਕਾ-ਤਾਇਵਾਨ ਦੀ ਭੜਕਾਹਟ ਦਾ ਜਵਾਬ ਹੈ।” ਉਨ੍ਹਾਂ ਕਿਹਾ ਕਿ ਪੀਐੱਲਏ ਤਾਇਵਾਨ ਦੇ ਆਸ-ਪਾਸ ਦੇ ਪਾਣੀਆਂ ਦੇ ਖੇਤਰ ਵਿੱਚ ਸਾਂਝੀ ਗਸ਼ਤ ਕਰ ਰਿਹਾ ਹੈ ਅਤੇ ਸਾਂਝਾ ਜੰਗੀ ਅਭਿਆਸ ਕਰ ਰਿਹਾ ਸੀ। ਸ਼ੀ ਅਮਰੀਕੀ ਰੱਖਿਆ ਖਰਚ ਬਿੱਲ ਦਾ ਜ਼ਿਕਰ ਕਰ ਰਹੇ ਸਨ, ਜਿਸ ਨੂੰ ਚੀਨ ਨੇ ਰਣਨੀਤਕ ਚੁਣੌਤੀ ਦੱਸਿਆ ਹੈ। -ਏਪੀ