ਲਾਹੌਰ, 27 ਦਸੰਬਰ
ਸਾਂਝੀ ਜਾਂਚ ਟੀਮ (ਜੀਆਈਟੀ) ਅਨੁਸਾਰ ਪਿਛਲੇ ਮਹੀਨੇ ਇਸਲਾਮਾਬਾਦ ਵਿੱਚ ਇਮਰਾਨ ਖਾਨ ਦੇ ਮਾਰਚ ਦੌਰਾਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ‘ਤੇ ਹੋਇਆ ਕਾਤਲਾਨਾ ਹਮਲਾ ‘ਸੋਚੀ ਸਮਝੀ ਸਾਜਿਸ਼’ ਸੀ। ਤਿੰਨ ਨਵੰਬਰ ਨੂੰ ਜਦੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਚੇਅਰਮੈਨ ਇਮਰਾਨ ਵਜ਼ੀਰਾਬਾਦ ਇਲਾਕੇ ਵਿੱਚ ਮਾਰਚ ਕਰ ਰਹੇ ਸਨ ਤਾਂ ਦੋ ਬੰਦੂਕਧਾਰੀਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ, ਜੋ ਉਨ੍ਹਾਂ ਦੀ ਸੱਜੀ ਲੱਤ ‘ਤੇ ਲੱਗੀਆਂ।
ਲਾਹੌਰ ਪੁਲੀਸ ਮੁਖੀ ਗੁਲਾਮ ਮਹਿਮੂਦ ਡੋਗਰ ਦੀ ਅਗਵਾਈ ਵਾਲੀ ਜੇਆਈਟੀ ਦੀ ਰਿਪੋਰਟ ਬਾਰੇ ਪੱਤਰਕਾਰਾਂ ਨੂੰ ਪੰਜਾਬ ਦੇ ਗ੍ਰਹਿ ਮੰਤਰੀ ਓਮਾਰ ਸਰਫਰਾਜ਼ ਚੀਮਾ ਨੇ ਦੱਸਿਆ ਕਿ ਇਮਰਾਨ ‘ਤੇ ਹੋਇਆ ਹਮਲਾ ਸੋਚੀ ਸਮਝੀ ਸਾਜਿਸ਼ ਸੀ। ਉਨ੍ਹਾਂ ਕਿਹਾ ਕਿ ਜੇਆਈਟੀ ਦੀ ਜਾਂਚ ਰਿਪੋਰਟ ਅਨੁਸਾਰ ਇੱਕ ਤੋਂ ਵੱਧ ਹਮਲਾਵਰਾਂ ਨੇ ਇਮਰਾਨ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਇਸ ਦੇ ਮੁੱਖ ਮਸ਼ਕੂਕ ਮੁਹੰਮਦ ਨਵੀਦ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਪੁੱਛ-ਪੜਤਾਲ ਲਈ 3 ਜਨਵਰੀ ਤੱਕ ਜੇਆਈਟੀ ਦੀ ਹਿਰਾਸਤ ਵਿੱਚ ਰੱਖਿਆ ਗਿਆ ਹੈ।
ਚੀਮਾ ਨੇ ਦੱਸਿਆ ਕਿ ਨਵੀਦ ਸਿਖਲਾਈ ਪ੍ਰਾਪਤ ਹਮਲਾਵਰ ਸੀ ਅਤੇ ਇਮਰਾਨ ‘ਤੇ ਹੋਏ ਹਮਲੇ ਵੇਲੇ ਉਹ ਮੌਕੇ ‘ਤੇ ਮੌਜੂਦ ਸੀ। ਪੁੱਛ-ਪੜਤਾਲ ਦੌਰਾਨ ਨਵੀਦ ਨੇ ਪੁਲੀਸ ਨੂੰ ਦੱਸਿਆ ਕਿ ਇਮਰਾਨ ਵੱਲੋਂ ਮਾਰਚ ਦੌਰਾਨ ਅਜ਼ਾਨ ਦੇ ਸਮੇਂ ਸੰਗੀਤ ਵਜਾਇਆ ਜਾਂਦਾ ਸੀ, ਜਿਸ ਕਰਕੇ ਉਹ ਉਸ ਨੂੰ ਮਾਰਨਾ ਚਾਹੁੰਦਾ ਸੀ। ਨਵੀਦ ਦਾ ਚਚੇਰਾ ਭਰਾ ਮੁਹੰਮਦ ਵਕਾਸ ਵੀ ਸੋਸ਼ਲ ਮੀਡੀਆ ‘ਤੇ ਵਿਵਾਦਤ ਪੋਸਟ ਲਈ ਤਿੰਨ ਜਨਵਰੀ ਤੱਕ ਜੀਆਈਟੀ ਦੀ ਹਿਰਾਸਤ ਵਿੱਚ ਹੈ। ਉਸ ਨੇ 3 ਨਵੰਬਰ ਨੂੰ ਟਵੀਟ ਕੀਤਾ ਸੀ, ”ਇਮਰਾਨ ਖਾਨ ਦੀ ਰੈਲੀ ਵਿੱਚ ਅੱਜ ਕੁੱਝ ਵੱਡਾ ਹੋਣ ਵਾਲਾ ਹੈ।” -ਪੀਟੀਆਈ