ਪੇਈਚਿੰਗ, 27 ਦਸੰਬਰ
ਮੁੱਖ ਅੰਸ਼
- ਪਾਬੰਦੀਆਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨਾਂ ਮਗਰੋਂ ਸਰਕਾਰ ਨੇ ਕੀਤਾ ਐਲਾਨ
- ਜਾਪਾਨ ਨੇ ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਕਰੋਨਾ ਟੈਸਟ ਲਾਜ਼ਮੀ ਕੀਤਾ
ਚੀਨ ਨੇ ਅਗਲੇ ਸਾਲ 8 ਜਨਵਰੀ ਤੋਂ ਕੌਮਾਂਤਰੀ ਯਾਤਰੀਆਂ ਲਈ ਇਕਾਂਤਵਾਸ ਖਤਮ ਕਰਨ ਦਾ ਐਲਾਨ ਕੀਤਾ ਹੈ। ਇਸ ਤਰ੍ਹਾਂ ਦੇਸ਼ ਤਿੰਨ ਸਾਲ ਬਾਅਦ ਕੌਮਾਂਤਰੀ ਇਕਾਂਤਵਾਸ ‘ਚੋਂ ਬਾਹਰ ਆਵੇਗਾ। ਇਸ ਤੋਂ ਪਹਿਲਾਂ ਚੀਨੀ ਸਰਕਾਰ ਨੂੰ ‘ਜ਼ੀਰੋ ਕੋਵਿਡ’ ਨੀਤੀ ਖ਼ਿਲਾਫ਼ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਮਗਰੋਂ ਸਰਕਾਰ ਨੇ ਆਪਣੀਆਂ ਕਰੋਨਾ ਸਬੰਧੀ ਨੀਤੀਆਂ ਵਿੱਚ ਵੱਡੀ ਤਬਦੀਲੀ ਲਿਆਉਣ ਦਾ ਐਲਾਨ ਕੀਤਾ ਹੈ। ਉੱਧਰ ਜਾਪਾਨ ਨੇ ਚੀਨ ਵਿੱਚ ਵਧਦੇ ਕਰੋਨਾ ਕੇਸਾਂ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਕਰੋਨਾ ਟੈਸਟ ਲਾਜ਼ਮੀ ਕਰ ਦਿੱਤਾ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਨੇ ਅੱਜ ਇਹ ਐਲਾਨ ਕੀਤਾ। ਕੌਮੀ ਸਿਹਤ ਕਮਿਸ਼ਨ (ਐੱਨਐੱਚਸੀ) ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਕੋਵਿਡ-19 ਪ੍ਰਬੰਧਨ ਨੂੰ ਅਗਲੇ ਮਹੀਨੇ ਡੇਂਗੂ ਵਰਗੀਆਂ ਘੱਟ ਘਾਤਕ ਬਿਮਾਰੀਆਂ ਵਾਲੀ ਸ਼੍ਰੇਣੀ ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਚੀਨ 8 ਜਨਵਰੀ 2023 ਤੋਂ ਕੌਮਾਂਤਰੀ ਯਾਤਰੀਆਂ ਲਈ ਇਕਾਂਤਵਾਸ ਖਤਮ ਕਰ ਦੇਵੇਗਾ। ਪਹਿਲਾਂ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਨੂੰ ਸਰਕਾਰੀ ਕੇਂਦਰਾਂ ਵਿੱਚ ਦੋ ਹਫਤਿਆਂ ਤੋਂ ਵੱਧ ਇਕਾਂਤਵਾਸ ਰਹਿਣਾ ਪੈਂਦਾ ਸੀ। ਇਸ ਮਗਰੋਂ ਹੌਲੀ-ਹੌਲੀ ਇਹ ਸਮਾਂ ਘਟਾ ਕੇ ਪੰਜ ਦਿਨ ਕਰ ਦਿੱਤਾ ਗਿਆ। ਇਹ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਦੇਸ਼ ਓਮੀਕਰੋਨ ਨਾਲ ਜੂਝ ਰਿਹਾ ਹੈ। ਇਸ ਤੋਂ ਪਹਿਲਾਂ ਸ਼ੀ ਜਿਨਪਿੰਗ ਪ੍ਰਸ਼ਾਸਨ ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿੱਚ ਦੇਸ਼ ਭਰ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ‘ਜ਼ੀਰੋ ਕੋਵਿਡ’ ਨੀਤੀ ਵਿੱਚ ਕੁੱਝ ਛੋਟ ਦਿੱਤੀ ਸੀ। -ਏਪੀ
ਚੀਨੀ ਕਾਰੋਬਾਰੀਆਂ ਵੱਲੋਂ ਸਰਕਾਰ ਦੇ ਫ਼ੈਸਲੇ ਦਾ ਸਵਾਗਤ
ਪੇਈਚਿੰਗ: ਚੀਨੀ ਕਾਰੋਬਾਰੀਆਂ ਨੇ ਸਰਕਾਰ ਵੱਲੋਂ ਵਿਦੇਸ਼ ਤੋਂ ਆਉਣ ਵਾਲੇ ਕੌਮਾਂਤਰੀ ਯਾਤਰੀਆਂ ਲਈ ਇਕਾਂਤਵਾਸ ਖ਼ਤਮ ਕਰਨ ਦੇ ਲਏ ਗਏ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਇਸ ਫ਼ੈਸਲੇ ਨੂੰ ਵਪਾਰਕ ਗਤੀਵਿਧੀਆਂ ਮੁੜ ਸੁਰਜੀਤ ਕਰਨ ਲਈ ਅਹਿਮ ਕਦਮ ਕਰਾਰ ਦਿੱਤਾ ਹੈ। ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਆਰਥਿਕ ਮੰਦੀ ‘ਚ ਸੁਧਾਰ ਲਿਆਉਣ ਲਈ ਅਚਾਨਕ ਇਹ ਕਦਮ ਚੁੱਕਿਆ ਹੈ। ਚੀਨ ਵਿੱਚ ਅਮਰੀਕੀ ਚੈਂਬਰ ਆਫ ਕਾਮਰਸ ਦੇ ਚੇਅਰਮੈਨ ਕੋਲਮ ਰੈਫੇਰਟੀ ਨੇ ਇੱਕ ਬਿਆਨ ਵਿੱਚ ਕਿਹਾ, ”ਯਾਤਰਾ ਲਈ ਇਕਾਂਤਵਾਸ ਸਭ ਤੋਂ ਵੱਡੀ ਰੁਕਾਵਟ ਸੀ ਅਤੇ ਇਸ ਨੂੰ ਖ਼ਤਮ ਕਰਨ ਨਾਲ ਕਾਰੋਬਾਰ ਨਾਲ ਸਬੰਧਤ ਯਾਤਰਾ ਮੁੜ ਸ਼ੁਰੂ ਕਰਨ ਦਾ ਰਸਤਾ ਸਾਫ ਹੋ ਜਾਵੇਗਾ।” -ਏਪੀ
ਕਰੋਨਾ ਤਿਆਰੀਆਂ ਦੇ ਜਾਇਜ਼ੇ ਲਈ ਦੇਸ਼ ਭਰ ‘ਚ ਮੌਕ ਡਰਿੱਲਾਂ
ਨਵੀਂ ਦਿੱਲੀ:
ਮੁੱਖ ਅੰਸ਼
- ਮੈਡੀਕਲ ਉਪਕਰਨਾਂ ਤੇ ਮਨੁੱਖੀ ਸਰੋਤਾਂ ਦੀ ਤਿਆਰੀ ਅਹਿਮ: ਮਾਂਡਵੀਆ
ਕਰੋਨਾ ਲਾਗ ਦੇ ਮਾਮਲੇ ਵਧਣ ‘ਤੇ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਦਾ ਜਾਇਜ਼ਾ ਲੈਣ ਵਾਸਤੇ ਅੱਜ ਦੇਸ਼ ਕਈ ਹਸਪਤਾਲਾਂ ਵਿੱਚ ਮੌਕ ਡਰਿੱਲ ਕੀਤੀ ਗਈ ਅਤੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਉਪਕਰਨਾਂ ਅਤੇ ਮਨੁੱਖੀ ਸਰੋਤਾਂ ਦੀ ਤਿਆਰੀ ਰੱਖਣਾ ਅਹਿਮ ਹੈ। ਮਾਂਡਵੀਆ ਨੇ ਇੱਥੇ ਕੇਂਦਰ ਸਰਕਾਰ ਵੱਲੋਂ ਸੰਚਾਲਿਤ ਸਫਦਰਜੰਗ ਹਸਪਤਾਲ ਵਿੱਚ ਕਰੋਨਾ ਲਾਗ ਦੇ ਕੇਸ ਵਧਣ ਦੀ ਸਥਿਤੀ ਨਾਲ ਨਜਿੱਠਣ ਲਈ ਹਸਪਤਾਲ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਵਾਸਤੇ ਮੌਕ ਡਰਿੱਲ ਦਾ ਨਿਰੀਖਣ ਕੀਤਾ।ਚੀਨ ਸਣੇ ਕੁਝ ਦੇਸ਼ਾਂ ਵਿੱਚ ਕਰੋਨਾ ਕੇਸਾਂ ਵਿੱਚ ਤੇਜ਼ੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਅਤੇ ਕੇਂਦਰੀ ਸਾਸ਼ਿਤ ਪ੍ਰਦੇਸ਼ਾਂ ਨੂੰ ਇਹਤਿਆਤੀ ਕਦਮਾਂ ਵਜੋਂ ਸਾਰੇ ਕੋਵਿਡ ਹਸਪਤਾਲਾਂ ਨੂੰ ਮੌਕ ਡਰਿੱਲ ਕਰਨ ਲਈ ਆਖਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੌਕ ਡਰਿੱਲ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਸਿਹਤ ਸਹੂਲਤਾਂ, ਆਈਸੋਲੇਸ਼ਨ ਬੈੱਡਾਂ, ਆਕਸੀਜਨ ਦੀ ਸਹਾਇਤਾ ਵਾਲੇ ਬੈੱਡਾਂ, ਆਈਸੀਯੂ ਬੈੱਡਾਂ ਅਤੇ ਵੈਂਟੀਲੇਟਰ ਵਾਲੇ ਬੈੱਡਾਂ ਤੋਂ ਇਲਾਵਾ ਡਾਕਟਰਾਂ, ਨਰਸਾਂ, ਪੈਰਾ-ਮੈਡੀਕਲ, ਆਯੂਸ਼ ਡਾਕਟਰਾਂ ਅਤੇ ਆਸ਼ਾ ਤੇ ਆਂਗਣਵਾੜੀ ਵਰਕਰਾਂ ਸਣੇ ਮੂਹਰਲੀ ਕਤਾਰ ਦੇ ਹੋਰ ਵਰਕਰਾਂ ਆਦਿ ਦੀ ਉਪਲਬਧਤਾ ‘ਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ। ਮਾਂਡਵੀਆ ਨੇ ਕਿਹਾ ਕਿ ਹਸਪਤਾਲਾਂ ਵਿੱਚ ਤਿਆਰੀਆਂ ਦਾ ਪਤਾ ਲਾਉਣ ਲਈ ਡਰਿੱਲ ਜ਼ਰੂਰੀ ਸੀ। ਮਾਂਡਵੀਆ ਨੇ ਆਖਿਆ, ”ਪੂਰੀ ਦੁਨੀਆਂ ਵਿੱਚ ਕਰੋਨਾ ਦੇ ਕੇਸ ਵਧ ਰਹੇ ਹਨ ਅਤੇ ਭਾਰਤ ਵਿੱਚ ਵੀ ਵਾਇਰਸ ਦੇ ਮਾਮਲੇ ਵਧ ਸਕਦੇ ਹਨ। ਇਸ ਲਈ ਜ਼ਰੂਰੀ ਹੈ ਕਿ ਉਪਕਰਨਾਂ, ਪ੍ਰਕਿਰਿਆਵਾਂ ਅਤੇ ਮਨੁੱਖੀ ਸਰੋਤਾਂ ਵਜੋਂ ਕਰੋਨਾ ਸਬੰਧੀ ਢਾਂਚਾ ਪੂਰੀ ਤਰ੍ਹਾਂ ਤਿਆਰ ਹੋਵੇ।” ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿੱਚ ਤਿਆਰੀ ਅਹਿਮ ਹੈ ਅਤੇ ਇਸ ਲਿਹਾਜ਼ ਤੋਂ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਨਿੱਜੀ ਹਸਪਤਾਲ ਵੀ ਮੌਕ ਡਰਿੱਲ ਕਰ ਰਹੇ ਹਨ। ਸਿਹਤ ਮੰਤਰੀ ਨੇ ਕਿਹਾ ਕਿ ਸੂਬਿਆਂ ਦੇ ਸਿਹਤ ਮੰਤਰੀ ਆਪੋ-ਆਪਣੇ ਖੇਤਰਾਂ ਵਿੱਚ ਮੌਕ ਡਰਿੱਲ ਦੀ ਸਮੀਖਿਆ ਕਰ ਰਹੇ ਹਨ। ਉਨ੍ਹਾਂ ਨੇ ਸਾਰੇ ਲੋਕਾਂ ਨੂੰ ਕਰੋਨਾ ਅਨੁਕੂਲ ਵਿਹਾਰ ਅਪਣਾਉਣ, ਅਪੁਸ਼ਟ ਜਾਣਕਾਰੀ ਸਾਂਝੀ ਕਰਨ ਤੋਂ ਬਚਣ ਅਤੇ ਉੱਚ ਪੱਧਰੀ ਤਿਆਰੀਆਂ ਰੱਖਣ ਲਈ ਆਖਿਆ ਹੈ। ਦੂਜੇ ਪਾਸੇ ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਅੱਜ ਦੇਸ਼ ਵਿੱਚ ਕਰੋਨਾ ਦੇ 157 ਨਵੇਂ ਕੇਸ ਸਾਹਮਣੇ ਆਏ ਜਦਕਿ ਇਸੇ ਦੌਰਾਨ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟ ਕੇ 3,421 ਹੋ ਗਈ ਹੈ।
ਕੌਮੀ ਰਾਜਧਾਨੀ ਵਿੱਚ ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਹਸਪਤਾਲ ਅਤੇ ਹੋਰ ਸਰਕਾਰੀ ਹਸਪਤਾਲਾਂ ਵਿੱਚ ਵੀ ਮੌਕ ਡਰਿੱਲ ਕੀਤੀ ਗਈ ਜਦਕਿ ਕੁਝ ਹੋਰ ਨਿੱਜੀ ਹਸਪਤਾਲ ਵੀ ਇਹ ਡਰਿੱਲ ਕਰ ਸਕਦੇ ਹਨ। ਇਸੇ ਦੌਰਾਨ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਮਨੀਸ਼ ਸਿਸੋਦੀਆ ਨੇ ਦੁਪਹਿਰ ਸਮੇਂ ਐੱਲਐੈੱਨਜੇਪੀ ਹਸਪਤਾਲ ਦਾ ਦੌਰਾ ਕੀਤਾ। ਸਿਸੋਦੀਆ ਨੇ ਹਸਪਤਾਲ ਵਿੱਚ ਪੱਤਰਕਾਰਾਂ ਨੂੰ ਕਿਹਾ, ”ਦਿੱਲੀ ਸਰਕਾਰ ਕਿਸੇ ਵੀ ਹੰਗਾਮੀ ਸਥਿਤੀ ਦੇ ਟਾਕਰੇ ਲਈ ਤਿਆਰ ਹੈ। ਐੱਲਐੱਨਜੇਪੀ ਵਿੱਚ 2,000 ਬਿਸਤਰੇ ਹਨ ਅਤੇ ਉਨ੍ਹਾਂ ਵਿੱਚੋਂ 450 ਕੋਵਿਡ-19 ਲਈ ਨਿਰਧਾਰਿਤ ਹਨ। ਜੇਕਰ ਲੋੜ ਪਈ ਤਾਂ ਅਸੀਂ ਸਾਰੇ 2,000 ਬਿਸਤਰੇ ਕੋਵਿਡ ਲਈ ਵਰਤ ਸਕਦੇ ਹਾਂ। ਅਸੀਂ ਹਸਪਤਾਲ ਦੇ ਬੈਂਕੁਇਟ ਹਾਲ ਦੀ ਵਰਤੋਂ ਵੀ ਕਰ ਸਕਦੇ ਹਾਂ।”
ਕੇਂਦਰੀ ਸਿਹਤ ਮੰਤਰੀ ਨੇ ਸਫਦਰਜੰਗ ਹਸਪਤਾਲ ਵਿੱਚ 44 ਬਿਸਤਰਿਆਂ ਵਾਲੇ ਕੋਵਿਡ ਕੇਂਦਰ ਦਾ ਨਿਰੀਖਣ ਕੀਤਾ ਅਤੇ ਹਸਪਤਾਲ ਦੇ ਅਧਿਕਾਰੀਆਂ ਨੂੰ ਤਿਆਰੀ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਕਰੋਨਾ ਖ਼ਿਲਾਫ਼ ਟਾਕਰੇ ਲਈ ਢੁੱਕਵਾਂ ਫੰਡ ਵੰਡਿਆ ਗਿਆ ਹੈ ਅਤੇ ਸੂਬਿਆਂ ਦੇ ਹਰ ਤਰ੍ਹਾਂ ਦੇ ਬੰਦੋਬਸਤ ਲਈ ਪੈਸਾ ਦਿੱਤਾ ਗਿਆ ਹੈ। ਸਫਦਰਜੰਗ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਬੀ.ਐੱਲ. ਸ਼ੇਰਵਾਲ ਨੇ ਕਿਹਾ, ”ਸਾਰੇ ਲੱਛਣਾਂ ਵਾਲੇ ਮਰੀਜ਼ਾਂ ਦੀ ਕੋਵਿਡ ਕੇਂਦਰ ਵਿੱਚ ਸਕਰੀਨਿੰਗ ਅਤੇ ਜਾਂਚ ਕੀਤੀ ਜਾਵੇਗੀ। ਇੱਕ ਦੋ ਘੰਟੇ ਵਿੱਚ ਰਿਪੋਰਟ ਮਿਲ ਜਾਵੇਗੀ ਜਿਸ ਮਗਰੋਂ ਉਨ੍ਹਾਂ ਨੂੰ ਭਰਤੀ ਕਰਨ ਜਾਂ ਛੁੱਟੀ ਦੇਣ ਦਾ ਫ਼ੈਸਲਾ ਕੀਤਾ ਜਾਵੇਗਾ। ਉਦੋਂ ਤੱਕ ਰੋਗੀ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ। ਸਾਰੇ ਬਿਸਤਰਿਆਂ ‘ਤੇ ਆਕਸੀਜਨ ਦੀ ਸਹੂਲਤ ਹੈ।”
ਹਸਪਤਾਲ ਦੇ ਡਾ. ਨੀਰਜ ਗੁਪਤਾ ਨੇ ਦੱਸਿਆ ਕਿ ਮਿਆਂਮਾਰ ਤੋਂ ਆਏ ਅਤੇ ਦਿੱਲੀ ਹਵਾਈ ਅੱਡੇ ‘ਤੇ ਕਰੋਨਾ ਪੀੜਤ ਪਾਏ ਗਏ ਯਾਤਰੀ ਸਫਦਰਜੰਗ ਹਸਪਤਾਲ ਵਿੱਚ ਦਾਖਲ ਹਨ। ਉਨ੍ਹਾਂ ਦੇ ਸੈਂਪਲ ਜੀਨੋਮ ਜਾਂਚ ਲਈ ਭੇਜੇ ਗਏ ਹਨ। ਸ਼ੇਰਵਾਲ ਨੇ ਕਿਹਾ, ”ਉਨ੍ਹਾਂ ਵਿੱਚ ਲੱਛਣ ਨਜ਼ਰ ਨਹੀਂ ਆਏ। ਜਾਂਚ ਰਿਪੋਰਟ ਨੈਗੇਟਿਵ ਆਉਣ ‘ਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ।”
ਇਸੇ ਦੌਰਾਨ ਉੱਤਰ ਪ੍ਰਦੇਸ਼ ਵਿੱਚ ਸਿਹਤ ਅਤੇ ਮੈਡੀਕਲ ਵਿਭਾਗ ਦੇ ਮੰਤਰੀ ਅਤੇ ਉੱਪ ਮੁੱਖ ਮੰਤਰੀ ਬ੍ਰਿਜੇਸ਼ ਪਾਠਕ ਨੇ ਰਾਜਧਾਨੀ ਲਖਨਊ ਦੇ ਬਲਰਾਮਪੁਰ ਹਸਪਤਾਲ ਦਾ ਦੌਰਾ ਕੀਤਾ ਅਤੇ ਭਰੋਸਾ ਜਤਾਇਆ ਕਿ ਕਰੋਨਾਵਾਇਰਸ ਨੂੰ ਲੈ ਕੇ ਹਾਲੇ ਕੋਈ ਖ਼ਤਰਾ ਨਹੀਂ ਹੈ ਪਰ ਫਿਰ ਵੀ ਸਰਕਾਰ ਐਮਰਜੈਂਸੀ ਵਾਲੀ ਕਿਸੇ ਸਥਿਤੀ ਦੇ ਟਾਕਰੇ ਲਈ ਤਿਆਰ ਹੈ। ਉਨ੍ਹਾਂ ਨੇ ਹਸਪਤਾਲ ਵਿੱਚ ਆਕਸੀਜਨ ਸਪਲਾਈ ਅਤੇ ਵੈਂਟੀਲੇਟਰ ਦੀ ਜਾਂਚ ਵੀ ਕੀਤੀ। -ਪੀਟੀਆਈ
ਪੰਜਾਬ ਦੇ ਹਸਪਤਾਲਾਂ ‘ਚ ਪੁਖ਼ਤਾ ਪ੍ਰਬੰਧ: ਜੌੜੇਮਾਜਰਾ
ਮੁਹਾਲੀ (ਪੱਤਰ ਪ੍ਰੇਰਕ): ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਕਿਹਾ ਕਿ ਕੋਵਿਡ ਮਹਾਮਾਰੀ ਦੇ ਨਵੇਂ ਸਰੂਪ ਨਾਲ ਨਜਿੱਠਣ ਲਈ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਅਗਾਊਂ ਪੁਖ਼ਤਾ ਪ੍ਰਬੰਧ ਅਤੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਫ਼ਿਲਹਾਲ ਲੋਕਾਂ ਨੂੰ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਅਤੇ ਨਾ ਹੀ ਅਫ਼ਵਾਹਾਂ ਵੱਲ ਕੋਈ ਧਿਆਨ ਦੇਣ ਦੀ ਲੋੜ ਹੈ। ਉਹ ਅੱਜ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿੱਚ ਮੌਕ ਡਰਿੱਲ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਪਰੰਤ ਉਨ੍ਹਾਂ ਨੇ ਕਰੋਨਾ ਦੇ ਨਵੇਂ ਸਰੂਪ ਨਾਲ ਨਜਿੱਠਣ ਲਈ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਸਿਹਤ ਅਧਿਕਾਰੀਆਂ ਅਤੇ ਡਾਕਟਰਾਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ।
ਨੱਕ ਰਾਹੀਂ ਦਿੱਤੀ ਜਾਣ ਵਾਲੀ ‘ਇਨਕੋਵੈਕ’ ਦੀ ਕੀਮਤ ਤੈਅ
ਹੈਦਰਾਬਾਦ: ਭਾਰਤ ਬਾਇਓਟੈੱਕ ਇੰਟਰਨੈਸ਼ਨਲ ਲਿਮਟਿਡ (ਬੀਬੀਆਈਐੱਲ) ਨੇ ਅੱਜ ਕਿਹਾ ਕਿ ਉਸ ਦੀ ਨੱਕ ਰਾਹੀਂ ਦਿੱਤੀ ਜਾਣ ਵਾਲੀ ਕਰੋਨਾ ਰੋਕੂ ਦਵਾਈ ‘ਇਨਕੋਵੈਕ’ ਦੀ ਕੀਮਤ ਨਿੱਜੀ ਬਾਜ਼ਾਰ ਵਿੱਚ 800 ਰੁਪਏ (ਬਿਨਾਂ ਜੀਐੱਸਟੀ) ਅਤੇ ਸਰਕਾਰੀ ਸਪਲਾਈ ਲਈ 325 ਰੁਪਏ (ਬਿਨਾਂ ਜੀਐੱਸਟੀ) ਰੱਖੀ ਗਈ ਹੈ। ਟੀਕਾ ਨਿਰਮਾਤਾ ਕੰਪਨੀ ਨੇ ਇੱਕ ਪ੍ਰੈੱਸ ਬਿਆਨ ਵਿੱਚ ਦੱਸਿਆ ਕਿ ਇਹ ਦਵਾਈ ਅਗਲੇ ਸਾਲ ਜਨਵਰੀ ਮਹੀਨੇ ਦੇ ਆਖਰੀ ਹਫ਼ਤੇ ਉਪਲਬਧ ਹੋਵੇਗੀ। ਇਨਕੋਵੈਕ ਦੁਨੀਆ ਦੀ ਨੱਕ ਰਾਹੀਂ ਦਿੱਤੀ ਜਾਣ ਵਾਲੀ ਪਹਿਲੀ ਕਰੋਨਾ ਰੋਕੂੁ ਦਵਾਈ ਹੈ ਜਿਸ ਨੂੰ ਦੋ ਮੁੱਢਲੀਆਂ ਖੁਰਾਕਾਂ ਲਈ ਅਤੇ ਹੀਟਰੋਲੋਗਸ ਬੂਸਟਰ ਡੋਜ਼ ਵਜੋਂ ਵਰਤਣ ਲਈ ਮਨਜ਼ੂਰੀ ਦਿੱਤੀ ਗਈ ਹੈ। ਬੀਬੀਆਈਐੱਲ ਦੇ ਕਾਰਜਕਾਰੀ ਚੇਅਰਮੈਨ ਕ੍ਰਿਸ਼ਨਾ ਇਲਾ ਨੇ ਕਿਹਾ, ”ਅਸੀਂ ਦੋ ਵੱਖ-ਵੱਖ ਸਪਲਾਈ ਪ੍ਰਣਾਲੀਆਂ ਦੇ ਨਾਲ ਦੋ ਵੱਖ-ਵੱਖ ਪਲੈਟਫਾਰਮਾਂ ਤੋਂ ਦੋ ਕਰੋਨਾ ਦਵਾਈਆਂ ‘ਕੋਵੈਕਸੀਨ’ ਅਤੇ ‘ਇਨਕੋਵੈਕ’ ਵਿਕਸਿਤ ਕੀਤੀਆਂ ਹਨ।” ਬਿਆਨ ਮੁਤਾਬਕ ‘ਇਨਕੋਵੈਕ’ (ਦੋ ਖੁਰਾਕਾਂ ਦੇ ਬਰਾਬਰ) ਦੀ ਤੀਜੇ ਗੇੜ ਦੀ ਪਰਖ ਕੀਤੀ ਗਈ ਹੈ। -ਪੀਟੀਆਈ