ਬਾਗਪਤ, 4 ਜਨਵਰੀ
ਰਾਮ ਜਨਮ ਭੂਮੀ ਮੰਦਰ ਦੇ ਮੁੱਖ ਪੁਜਾਰੀ ਆਚਾਰੀਆ ਸਤੇਂਦਰ ਦਾਸ ਅਤੇ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਸਕੱਤਰ ਚੰਪਤ ਰਾਏ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੀ ਤਾਰੀਫ਼ ਕੀਤੀ ਹੈ। ਮੰਗਲਵਾਰ ਦੇਰ ਸ਼ਾਮ ਫੈਜ਼ਾਬਾਦ ਸਰਕਟ ਹਾਊਸ ‘ਚ ਟਰੱਸਟ ਦੀ ਮੀਟਿੰਗ ‘ਚ ਸ਼ਾਮਲ ਹੋਣ ਤੋਂ ਬਾਅਦ ‘ਭਾਰਤ ਜੋੜੋ ਯਾਤਰਾ’ ਸਬੰਧੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ‘ਚ ਚੰਪਤ ਰਾਏ ਨੇ ਕਿਹਾ, ‘ਮੈਂ ਦੇਸ਼ ‘ਚ ਪੈਦਲ ਚੱਲ ਰਹੇ ਨੌਜਵਾਨ ਦਾ ਧੰਨਵਾਦ ਕਰਦਾ ਹਾਂ। ਮੈਂ ਉਸ ਦੇ ਇਸ ਕਦਮ ਦੀ ਸ਼ਲਾਘਾ ਕਰਦਾ ਹਾਂ।’ ਉਨ੍ਹਾਂ ਕਿਹਾ,’ਇਸ ‘ਚ ਕੁਝ ਵੀ ਗਲਤ ਨਹੀਂ ਹੈ। ਮੈਂ ਆਰਐੱਸਐੱਸ ਦਾ ਵਰਕਰ ਹਾਂ ਅਤੇ ਆਰਐੱਸਐੱਸ ਕਦੇ ਵੀ ‘ਭਾਰਤ ਜੋੜੋ ਯਾਤਰਾ’ ਦੀ ਨਿੰਦਾ ਨਹੀਂ ਕਰਦਾ। ਉਹ (ਰਾਹੁਲ ਗਾਂਧੀ) ਇਸ ਖਰਾਬ ਮੌਸਮ ‘ਚ ਚੱਲ ਰਹੇ ਹਨ। ਇਸ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਮੈਨੂੰ ਇਹ ਕਹਿਣ ‘ਚ ਝਿਜਕ ਨਹੀਂ ਕਿ ਹਰ ਕਿਸੇ ਨੂੰ ਦੇਸ਼ ਦੀ ਯਾਤਰਾ ਕਰਨੀ ਚਾਹੀਦੀ ਹੈ।’