ਗੋਪੇਸ਼ਵਰ (ਉਤਰਾਖੰਡ), 5 ਜਨਵਰੀ
ਉੱਤਰਾਖੰਡ ਦੇ ਜੋਸ਼ੀਮਠ ਕਸਬੇ ‘ਚ ਕਈ ਘਰਾਂ ‘ਚ ਤਰੇੜਾਂ ਆਉਣ ਤੋਂ ਬਾਅਦ ਘੱਟੋ-ਘੱਟ 30 ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਐੱਨਕੇ ਜੋਸ਼ੀ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਹੁਣ ਤੱਕ 561 ਲੋਕ ਪ੍ਰਭਾਵਿਤ ਹੋਏ ਹਨ| ਘਰਾਂ ‘ਚ ਤਰੇੜਾਂ ਆ ਗਈਆਂ ਹਨ, ਵੱਖ-ਵੱਖ ਘਰਾਂ ਦਾ ਕਈ ਤਰ੍ਹਾਂ ਦਾ ਨੁਕਸਾਨ ਹੋਇਆ ਹੈ ਅਤੇ ਹੁਣ ਤੱਕ ਸਭ ਤੋਂ ਵੱਧ ਪ੍ਰਭਾਵਿਤ ਘਰਾਂ ‘ਚ ਰਹਿ ਰਹੇ 29 ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜ ਦਿੱਤਾ ਗਿਆ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਜੋਸ਼ੀਮੱਠ ਦੀ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਹ ਖੁਦ ਉੱਥੇ ਜਾ ਕੇ ਸਥਿਤੀ ਦਾ ਜਾਇਜ਼ਾ ਲੈਣਗੇ। ‘ਜ਼ੋਨ-5’ ‘ਚ ਪੈਂਦੇ ਇਸ ਸ਼ਹਿਰ, ਜੋ ਭੂਚਾਲ ਦੇ ਜ਼ਿਆਦਾ ਖਤਰੇ ‘ਚ ਹੈ, ਦਾ ਸਰਵੇਖਣ ਕਰਨ ਲਈ ਮਾਹਿਰਾਂ ਦੀ ਟੀਮ ਕਾਇਮ ਕੀਤੀ ਗਈ ਹੈ।