ਪੇਈਚਿੰਗ, 5 ਜਨਵਰੀ
ਚੀਨ ਦੀ ਰਾਜਧਾਨੀ ਪੇਈਚਿੰਗ ਵਿੱਚ ਕਰੋਨਾਵਾਇਰਸ ਦੇ ਵਧਦੇ ਮਾਮਲਿਆਂ ਦੌਰਾਨ ਹਸਪਤਾਲਾਂ ਵਿੱਚ ਬੈੱਡਾਂ ਦੀ ਘਾਟ ਹੋ ਗਈ ਹੈ ਅਤੇ ਮਰੀਜ਼ਾਂ ਨੂੰ ਹਸਪਤਾਲਾਂ ‘ਚ ਸਟਰੇਚਰ ਜਾਂ ਵ੍ਹੀਲਚੇਅਰਾਂ ‘ਤੇ ਬੈਠ ਕੇ ਆਕਸੀਜਨ ਲੈਂਦੇ ਦੇਖਿਆ ਜਾ ਸਕਦਾ ਹੈ। ਸ਼ਹਿਰ ਦੇ ਪੂਰਬੀ ਇਲਾਕੇ ਦਾ ਚੂਈਯਾਂਗਲੂ ਹਸਪਤਾਲ ਅੱਜ ਨਵੇਂ ਮਰੀਜ਼ਾਂ ਨਾਲ ਭਰਿਆ ਹੋਇਆ ਸੀ। ਅੱਧਾ ਦਿਨ ਲੰਘਣ ਤੱਕ ਹਸਪਤਾਲ ਵਿੱਚ ਸਾਰੇ ਬੈੱਡ ਭਰ ਚੁੱਕੇ ਸਨ ਪਰ ਐਂਬੂਲੈਂਸ ਰਾਹੀਂ ਮਰੀਜ਼ਾਂ ਦੇ ਪਹੁੰਚਣ ਦਾ ਸਿਲਸਿਲਾ ਜਾਰੀ ਸੀ। ਇਸ ਦੌਰਾਨ ਹਸਪਤਾਲ ਦੇ ਡਾਕਟਰਾਂ ਤੇ ਨਰਸਾਂ ਨੇ ਤੁਰੰਤ ਇਲਾਜ ਦੀ ਲੋੜ ਵਾਲੇ ਮਰੀਜ਼ਾਂ ਦੀ ਜਾਣਕਾਰੀ ਹਾਸਲ ਕੀਤੀ। ਚੀਨ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਦਾ ਇਹ ਗਿਣਤੀ ਲਗਪਗ ਤਿੰਨ ਸਾਲਾਂ ਤੋਂ ਜਾਰੀ ਉਸ ਦੀ ‘ਜ਼ੀਰੋ ਕੋਵਿਡ ਪਾਲਿਸੀ’ ਤਹਿਤ ਲਾਗੂ ਪਾਬੰਦੀਆਂ ਹਟਾਉਣ ਤੋਂ ਬਾਅਦ ਵਧੀ ਹੈ। ਅੱਜ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਮਾਓ ਨੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ। -ਏਪੀ
‘ਕੋਵਿਡ ਦੇ ਅਸਲ ਪ੍ਰਭਾਵ ਨੂੰ ਘਟਾ ਕੇ ਦਰਸਾ ਰਿਹੈ ਚੀਨ’
ਜਨੇਵਾ: ਵਿਸ਼ਵ ਸਿਹਤ ਸੰਗਠਨ ਨੇ ਚਿਤਾਵਨੀ ਦਿੱਤੀ ਹੈ ਕਿ ਚੀਨ ਦੇਸ਼ ਵਿੱਚ ਕੋਵਿਡ-19 ਮਹਾਮਾਰੀ ਦੇ ਅਸਲ ਪ੍ਰਭਾਵ ਨੂੰ ਘਟਾ ਕੇ ਦਰਸਾ ਰਿਹਾ ਹੈ, ਖਾਸ ਕਰਕੇ ਮੌਤਾਂ ਦੀ ਸਹੀ ਗਿਣਤੀ ਨਹੀਂ ਦੱਸੀ ਜਾ ਰਹੀ। ਬੀਬੀਸੀ ਦੀ ਰਿਪੋਰਟ ਅਨੁਸਾਰ ਵਿਸ਼ਵ ਸਿਹਤ ਸੰਗਠਨ ਦੇ ਸਿਹਤ ਐਮਰਜੈਂਸੀ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਮਾਈਕਲ ਰਿਆਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, ”ਹਸਪਤਾਲਾਂ ਵਿੱਚ ਭਰਤੀ ਕਰੋਨਾ ਪੀੜਤਾਂ, ਆਈਸੀਯੂ ‘ਚ ਦਾਖ਼ਲ ਮਰੀਜ਼ਾਂ ਅਤੇ ਖਾਸ ਕਰਕੇ ਮੌਤਾਂ ਦੇ ਮਾਮਲੇ ਵਿੱਚ ਚੀਨ ਵੱਲੋਂ ਜਾਰੀ ਕੀਤੇ ਗਏ ਅੰਕੜੇ ਮਹਾਮਾਰੀ ਦੇ ਅਸਲ ਪ੍ਰਭਾਵ ਨੂੰ ਘਟਾ ਕੇ ਦਰਸਾ ਰਹੇ ਹਨ।” -ਆਈਏਐੱਨਐੱਸ