ਐਡੀਲੇਡ, 7 ਜਨਵਰੀ
ਸਰਬੀਆ ਦਾ ਨੋਵਾਕ ਜੋਕੋਵਿਚ ਅੱਜ ਰੂਸੀ ਖਿਡਾਰੀ ਦਾਨਿਲ ਮੈਦਵੇਦੇਵ ਨੂੰ 6-3, 6-4 ਨਾਲ ਹਰਾ ਕੇ ਐਡੀਲੇਡ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਦੇ ਪੁਰਸ਼ਾਂ ਦੇ ਸਿੰਗਲਜ਼ ਵਰਗ ਦੇ ਫਾਈਨਲ ‘ਚ ਪਹੁੰਚ ਗਿਆ ਹੈ। ਸੈਮੀਫਾਈਨਲ ਮੈਚ ਵਿੱਚ ਸੱਤਵੀਂ ਗੇਮ ਦੌਰਾਨ ਜੋਕੋਵਿਚ ਨੂੰ ਖੱਬੇ ਪੈਰ ਵਿੱਚ ਦਰਦ ਮਹਿਸੂਸ ਤੇ ਉਸ ਨੇ ਮੈਡੀਕਲ ਟਾਈਮ-ਆਊਟ ਲਿਆ। ਪਰ ਜਾਂਚ ਦੌਰਾਨ ਪਤਾ ਲੱਗਾ ਦਰਦ ਗੰਭੀਰ ਨਹੀਂ ਹੈ ਅਤੇ ਉਸ ਨੇ ਦੁਬਾਰਾ ਖੇਡਣਾ ਸ਼ੁਰੂ ਕਰ ਦਿੱਤਾ। ਫਾਈਨਲ ਵਿੱਚ ਐਤਵਾਰ ਨੂੰ ਜੋਕੋਵਿਚ ਦਾ ਮੁਕਾਬਲਾ ਸਿਬੈਸਟੀਅਨ ਕੋਰਡਾ ਨਾਲ ਹੋਵੇਗਾ। ਕੋਰਡਾ ਨੇ ਜਾਪਾਨ ਦੇ ਯੋਸ਼ੀਹਿਤੋ ਨਿਸ਼ੀਓਕਾ ਨੂੰ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ ਹੈ। ਕੋਰਡਾ ਨੇ ਸੈਮੀਫਾਈਨਲ ਵਿੱਚ ਨਿਸ਼ੀਓਕਾ ਨੂੰ 7-6 (5), 1-0 ਨਾਲ ਹਰਾਇਆ। ਇਸੇ ਦੌਰਾਨ ਲਿੰਡਾ ਨੋਸਕੋਵਾ ਵੀ ਓਨਸ ਜੈਬਿਓਰ ਨੂੰ 6-3, 1-6, 6-3 ਨਾਲ ਹਰਾ ਕੇ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਵਰਗ ਦੇ ਫਾਈਨਲ ‘ਚ ਪਹੁੰਚ ਗਈ ਹੈ ਜਿੱਥੇ ਐਤਵਾਰ ਨੂੰ ਉਸ ਦਾ ਮੁਕਾਬਲਾ ਏਰਿਨਾ ਸਬਾਲੇਂਕਾ ਨਾਲ ਹੋਵੇਗਾ। ਸਬਾਲੇਂਕਾ ਨੇ ਇਰੀਨਾ ਕੈਮੀਲੀਆ ਬੇਗੂ ਨੂੰ 6-3, 6-2 ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ ਹੈ। -ੲੇਪੀ