ਇਸਲਾਮਾਬਾਦ, 8 ਜਨਵਰੀ
ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਨੇਤਾ ਅਤੇ ਸਾਬਕਾ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕਿਹਾ ਕਿ ਸਾਬਕਾ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਕੁਝ ਪ੍ਰਮੁੱਖ ਜਰਨੈਲਾਂ ਨੇ ਪਿਛਲੇ ਸਾਲ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਬੇਦਖਲੀ ਵਿੱਚ ਸਰਗਰਮ ਭੂਮਿਕਾ ਨਿਭਾਈ ਸੀ।
ਇਮਰਾਨ ਖ਼ਾਨ (70) ਨੂੰ ਪਿਛਲੇ ਸਾਲ ਬੇਭਰੋਸਗੀ ਦਾ ਮਤਾ ਲਿਆ ਕੇ ਅਪਰੈਲ ਮਹੀਨੇ ਸੱਤਾ ਤੋਂ ਲਾਂਭੇ ਕਰ ਦਿੱਤਾ ਗਿਆ ਸੀ। ਸ਼ੁੱਕਰਵਾਰ ਨੂੰ ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਚੌਧਰੀ ਨੇ ਮੇਜ਼ਬਾਨ ਸਟੀਫਨ ਸੈਕਰ ਦੇ ਵੀ ਉਸ ਬਿਆਨ ਨਾਲ ਅਸਹਿਮਤੀ ਜਤਾਈ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਫ਼ੌਜੀ ਸਥਾਪਨਾ ਨੇ ਪੀਟੀਆਈ ਨੂੰ ਸੱਤਾ ਸੰਭਾਲਣ ਵਿੱਚ ਮਦਦ ਕੀਤੀ ਸੀ। ਐਕਸਪ੍ਰੈੱਸ ਟ੍ਰਿਬਿਊਨ ਅਖ਼ਬਾਰ ਨੇ ਇੰਟਰਵਿਊ ਦੇ ਹਵਾਲੇ ਨਾਲ ਕਿਹਾ, ”ਪੀਟੀਆਈ ਨੂੰ ਸੱਤਾ ਵਿੱਚ ਆਉਣ ਲਈ 22 ਸਾਲ ਲੱਗ ਗਏ ਅਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਫ਼ੌਜ ਜਾਂ ਕੋਈ ਅਦਾਰਾ ਤੁਹਾਨੂੰ ਲੰਬਾ ਸਮਾਂ ਸਮਰਥਨ ਦੇ ਸਕਦਾ ਹੈ।” ਸਾਬਕਾ ਮੰਤਰੀ ਨੇ ਕਿਹਾ, ”ਅਸੀਂ ਸੱਤਾ ਵਿੱਚ ਆਏ ਪਰ ਹਾਂ, ਸਾਨੂੰ ਬੇਦਖ਼ਲ ਕੀਤਾ ਗਿਆ ਸੀ ਜਿਸ ਵਿੱਚ ਫ਼ੌਜ ਦੇ ਕਈ ਜਰਨੈਲ ਸ਼ਾਮਲ ਸਨ ਅਤੇ ਉਨ੍ਹਾਂ ਅਸਲ ਵਿੱਚ ਇਮਰਾਨ ਖ਼ਾਨ ਨੂੰ ਬਾਹਰ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਈ।” ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਫ਼ੌਜ ਮੁਖੀ ਨੇ ਵੀ ਉਨ੍ਹਾਂ ਦੀ ਸਰਕਾਰ ਤੋੜਨ ਵਿੱਚ ਸਰਗਰਮ ਭੂਮਿਕਾ ਨਿਭਾਈ ਸੀ।
ਜਨਰਲ ਕਮਰ ਜਾਵੇਦ ਬਾਜਵਾ (61) ਪਾਕਿਸਤਾਨ ਫ਼ੌਜ ਮੁਖੀ ਵਜੋਂ ਸੇਵਾਵਾਂ ਨਿਭਾਉਣ ਮਗਰੋਂ ਪਿਛਲੇ ਸਾਲ 29 ਨਵੰਬਰ ਨੂੰ ਸੇਵਾਮੁਕਤ ਹੋਏ ਸਨ।
ਪਾਕਿਸਤਨ ਤਹਿਰੀਏ-ਏ-ਇਨਸਾਫ਼ ਦੇ ਨੇਤਾ ਨੇ ਕਿਹਾ ਕਿ ਦੇਸ਼ ਵਿੱਚ ਆਰਥਿਕ ਸੰਕਟ ਦਾ ਕਾਰਨ ਵੀ ਸਿਆਸੀ ਅਨਿਸ਼ਚਿਤਤਾ ਹੀ ਹੈ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਕੋਲ ਆਰਥਿਕ ਸੰਕਟ ਨਾਲ ਨਜਿੱਠਣ ਲਈ ਕੋਈ ਯੋਜਨਾ ਨਹੀਂ ਹੈ। ਦੇਸ਼ ਵਿੱਚ ਮਹਿੰਗਾਈ ਦਿਨੋ-ਦਿਨ ਵਧ ਰਹੀ ਹੈ ਅਤੇ ਪਾਕਿਸਤਾਨ ਵਿੱਚ ਮੁੜ ਅਤਿਵਾਦੀ ਹਮਲੇ ਹੋ ਰਹੇ ਹਨ। -ਪੀਟੀਆਈ