ਕੁਆਲਾਲੰਪੁਰ: ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਪੀਵੀ ਸਿੰਧੂ ਸੱਟ ਤੋਂ ਉਭਰਨ ਮਗਰੋਂ ਵਾਪਸੀ ਕਰਦਿਆਂ ਪਹਿਲੇ ਹੀ ਗੇੜ ਵਿੱਚ ਹਾਰ ਗਈ ਜਦਕਿ ਲੈਅ ਵਿੱਚ ਚੱਲ ਰਹੇ ਐੱਚ.ਐੱਸ ਪ੍ਰਣੌਏ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਮਲੇਸ਼ੀਆ ਓਪਨ ਸੁਪਰ 1000 ਟੂਰਨਾਮੈਂਟ ਦੇ ਰੋਮਾਂਚਕ ਮੁਕਾਬਲੇ ਵਿੱਚ ਅੱਜ ਭਾਰਤ ਦੇ ਹੀ ਲਕਸ਼ੈ ਸੇਨ ਨੂੰ ਹਰਾ ਦਿੱਤਾ। ਛੇਵਾਂ ਦਰਜਾ ਪ੍ਰਾਪਤ ਸਿੰਧੂ ਨੂੰ ਰੀਓ ਓਲੰਪਿਕ ਚੈਂਪੀਅਨ ਸਪੇਨ ਦੀ ਕੈਰੋਲੀਨਾ ਮਾਰਿਨ ਨੇ 21-12, 21-10, 21-15 ਨਾਲ ਹਰਾਇਆ। ਇਸ ਤੋਂ ਪਹਿਲਾਂ ਪ੍ਰਣੌਏ ਨੇ ਇੱਕ ਗੇਮ ਪਛੜਨ ਮਗਰੋਂ ਵਾਪਸੀ ਕਰਦਿਆਂ ਸੇਨ ਨੂੰ 22-24, 21-12, 21-18 ਨਾਲ ਹਰਾਇਆ। ਇਸ ਤੋਂ ਇਲਾਵਾ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਵੀ ਕੋਰੀਆ ਦੇ ਚੋਈ ਸੋਲ ਯੂ ਅਤੇ ਕਿਮ ਵੋਨ ਹੋ ਦੀ ਜੋੜੀ ਨੂੰ 21-16, 21-13 ਨਾਲ ਹਰਾ ਕੇ ਪ੍ਰੀ ਕੁਆਰਟਰ ਫਾਈਨਲ ਵਿੱਚ ਪਹੁੰਚ ਗਏ ਹਨ। ਉਧਰ ਮਾਲਵਿਕਾ ਬੰਸੋਡ ਪਹਿਲੇ ਗੇੜ ਵਿੱਚ ਕੋਰੀਆ ਦੀ ਐਨ ਸੇ ਯੰਗ ਤੋਂ 9-21, 13-21 ਨਾਲ ਹਾਰ ਗਈ। ਮਹਿਲਾ ਡਬਲਜ਼ ਵਿੱਚ ਅਸ਼ਵਨੀ ਭੱਟ ਅਤੇ ਸ਼ਿਖਾ ਗੌਤਮ ਨੂੰ ਪਹਿਲੇ ਗੇੜ ਵਿੱਚ ਥਾਈਲੈਂਡ ਦੀ ਐੱਸ ਪਾਏਸੰਪ੍ਰਾਨ ਅਤੇ ਪੂਟੀਤਾ ਐੱਸ ਤੋਂ 10-21, 12-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ