ਕੋਲਕਾਤਾ, 12 ਜਨਵਰੀ
ਭਾਰਤ ਨੇ ਦੂਸਰੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਅੱਜ ਇੱਥੇ ਸ੍ਰੀਲੰਕਾ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦੀ ਜੇਤੂ ਲੀਡ ਬਣਾ ਲਈ ਹੈ। ਸ੍ਰੀਲੰਕਾ ਦੀਆਂ 216 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਛੇ ਵਿਕਟਾਂ ਗੁਆ ਕੇ 219 ਦੌੜਾਂ ਬਣਾਈਆਂ। ਰਾਹੁਲ ਨੇ 103 ਗੇਂਦਾਂ ਵਿੱਚ ਛੇ ਚੌਕਿਆਂ ਦੀ ਮਦਦ ਨਾਲ ਨਾਬਾਦ 64 ਦੌੜਾਂ ਦੀ ਪਾਰੀ ਖੇਡੀ ਅਤੇ ਹਾਰਦਿਕ ਪਾਂਡਿਆ ਨੇ 36 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਪਹਿਲਾਂ ਸਪਿੰਨਰ ਕੁਲਦੀਪ ਨੇ 51 ਦੌੜਾਂ, ਜਦਕਿ ਮੁਹੰਮਦ ਸਿਰਾਜ ਨੇ 30 ਦੌੜਾਂ ਦੇ ਕੇ ਤਿੰਨ-ਤਿੰਨ ਵਿਕਟਾਂ ਝਟਕਾਈਆਂ ਅਤੇ ਸ੍ਰੀਲੰਕਾ ਦੀ ਟੀਮ ਨੂੰ 39.4 ਓਵਰਾਂ ਵਿੱਚ 215 ਦੌੜਾਂ ‘ਤੇ ਰੋਕ ਦਿੱਤਾ। ਉਮਰਾਨ ਮਲਿਕ ਨੇ ਵੀ ਦੋ ਵਿਕਟਾਂ ਹਾਸਲ ਕੀਤੀਆਂ। ਸ੍ਰੀਲੰਕਾ ਲਈ ਸਲਾਮੀ ਬੱਲੇਬਾਜ਼ ਨੁਵਾਨਿਦੂ ਫਰਨਾਂਡੋ (50), ਕੁਸਾਲ ਮੈਂਡਿਸ (34) ਅਤੇ ਦੁਨਿਥ ਵੇਲਾਲਾਗੇ (32) ਨੇ ਵਧੀਆ ਪਾਰੀਆਂ ਖੇਡੀਆਂ। ਲੜੀ ਦਾ ਤੀਜਾ ਅਤੇ ਆਖ਼ਰੀ ਮੈਚ ਤਿਰੂਵਨੰਤਪੁਰਮ ਵਿੱਚ 15 ਜਨਵਰੀ ਨੂੰ ਖੇਡਿਆ ਜਾਵੇਗਾ। ਭਾਰਤ ਨੇ ਇਸ ਤੋਂ ਪਹਿਲਾਂ ਟੀ-20 ਲੜੀ ਵੀ 2-1 ਨਾਲ ਜਿੱਤੀ ਸੀ।
ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਮੇਜ਼ਬਾਨ ਟੀਮ ਨੇ 86 ਦੌੜਾਂ ਤੱਕ ਆਪਣੀਆਂ ਚੋਟੀ ਦੀਆਂ ਚਾਰ ਵਿਕਟਾਂ ਗੁਆ ਲਈਆਂ ਸਨ। ਕਪਤਾਨ ਰੋਹਿਤ ਸ਼ਰਮਾ ਨੇ 17, ਸ਼ੁਭਮਨ ਗਿੱਲ ਨੇ 21, ਸ਼੍ਰੇਅਸ ਅਈਅਰ ਨੇ 28 ਅਤੇ ਅਕਸਰ ਪਟੇਲ ਨੇ 21 ਦੌੜਾਂ ਬਣਾਈਆਂ। -ਪੀਟੀਆਈ