ਨਵੀਂ ਦਿੱਲੀ, 17 ਜਨਵਰੀ
ਭਾਜਪਾ ਦੀ ਕੌਮੀ ਕਾਰਜਕਾਰਨੀ ਨੇ ਅੱਜ ਸਰਬਸੰਮਤੀ ਨਾਲ ਪਾਰਟੀ ਪ੍ਰਧਾਨ ਜੇਪੀ ਨੱਢਾ ਦਾ ਕਾਰਜਕਾਲ ਜੂਨ 2024 ਤੱਕ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਰਜਕਾਰਨੀ ਦੀ ਬੈਠਕ ਦੇ ਸਥਾਨ ‘ਤੇ ਪ੍ਰੈੱਸ ਕਾਨਫਰੰਸ ‘ਚ ਦਿੱਤੀ। ਸ੍ਰੀ ਸ਼ਾਹ ਨੇ ਇਸ ਦੌਰਾਨ ਸ੍ਰੀ ਨੱਢਾ ਦੀ ਅਗਵਾਈ ਦੀ ਤਾਰੀਫ ਵੀ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਪ੍ਰਧਾਨਗੀ ਹੇਠ ਭਾਜਪਾ ਨੇ ਕਈ ਅਹਿਮ ਚੋਣਾਂ ਜਿੱਤੀਆਂ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ੍ਰੀ ਨੱਢਾ ਦਾ ਕਾਰਜਕਾਲ ਜੂਨ 2024 ਤੱਕ ਵਧਾਉਣ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਸਾਰੇ ਮੈਂਬਰਾਂ ਨੇ ਸਵੀਕਾਰ ਕਰ ਲਿਆ।