ਹਿਊਸਟਨ, 17 ਜਨਵਰੀ
ਭਾਰਤੀ-ਅਮਰੀਕੀ ਅਟਾਰਨੀ ਜਨਨੀ ਰਾਮਚੰਦਰਨ (30) ਨੂੰ ਅਮਰੀਕੀ ਰਾਜ ਕੈਲੀਫੋਰਨੀਆ ਦੇ ਓਕਲੈਂਡ ਸ਼ਹਿਰ ਦੀ ਕੌਂਸਲ ਦੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਉਹ ਕੌਂਸਲ ਦੀ ਸਭ ਤੋਂ ਛੋਟੀ ਉਮਰ ਦੀ ਮੈਂਬਰ ਬਣੀ ਹੈ ਤੇ ਰੰਗ-ਨਸਲ ਦੇ ਪੱਖ ਤੋਂ ਵੀ ਇਸ ਅਹੁਦੇ ਉਤੇ ਪਹੁੰਚਣ ਵਾਲੀ ਪਹਿਲੀ ਐਲਜੀਬੀਟੀਕਿਊ (ਸਮਲਿੰਗੀ) ਮਹਿਲਾ ਹੈ। ਰਾਮਚੰਦਰਨ ਨੇ ਸਾੜੀ ਪਾ ਕੇ ਡਿਸਟ੍ਰਿਕਟ ਚਾਰ ਤੋਂ ਓਕਲੈਂਡ ਸਿਟੀ ਕੌਂਸਲ ਦੀ ਮੈਂਬਰ ਵਜੋਂ ਸਹੁੰ ਚੁੱਕੀ। ਇਸ ਸਬੰਧੀ ਇਕ ਸਮਾਗਮ 10 ਜਨਵਰੀ ਨੂੰ ਹੋਇਆ ਸੀ। ਜਨਨੀ ਮੈਂਬਰ ਬਣਨ ਵਾਲੀ ਪਹਿਲੀ ਦੱਖਣੀ ਏਸ਼ਿਆਈ ਵੀ ਹੈ। ਰਾਮਚੰਦਰਨ ਨੇ ਟਵਿੱਟਰ ‘ਤੇ ਸ਼ੁਕਰੀਆ ਕਰਦਿਆਂ ਕਿਹਾ ਕਿ ਉਹ ਉਸ ਵਿਚ ਭਰੋਸਾ ਕਰਨ ਵਾਲਿਆਂ ਦਾ ਦਿਲੋਂ ਧੰਨਵਾਦ ਕਰਦੀ ਹੈ। ਰਾਮਚੰਦਰਨ ਖ਼ੁਦ ਨੂੰ ਦੱਖਣੀ ਭਾਰਤ ਦੇ ਛੋਟੇ ਜਿਹੇ ਪਿੰਡ ਤੋਂ ਅਮਰੀਕਾ ਪਰਵਾਸ ਕਰ ਕੇ ਆਏ ਪਰਿਵਾਰ ਦੀ ਧੀ ਦੱਸਦੀ ਹੈ। -ਪੀਟੀਆਈ
ਭਾਈਚਾਰੇ ਲਈ ਦਿੱਤੇ ਯੋਗਦਾਨ ਲਈ ਭਾਰਤੀ-ਅਮਰੀਕੀ ਦਾ ਸਨਮਾਨ
ਭਾਰਤੀ-ਅਮਰੀਕੀ ਕ੍ਰਿਸ਼ਨਾ ਵਵੀਲਾਲਾ (86) ਨੂੰ ‘ਐਮਐਲਕੇ ਗਰੈਂਡ ਪਰੇਡ ਸਪੈਸ਼ਲ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਭਾਈਚਾਰੇ ਦੇ ਆਗੂ ਵਜੋਂ ਭਾਰਤੀ ਭਾਈਚਾਰੇ ਨੂੰ ਮੁੱਖ ਧਾਰਾ ਦੇ ਅਮਰੀਕੀਆਂ ਨਾਲ ਜੋੜਨ ਲਈ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਮਨੁੱਖੀ ਹੱਕਾਂ ਦੇ ਆਗੂ ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਵਿਰਾਸਤ ਨੂੰ ਸਿਜਦਾ ਕਰ ਰਿਹਾ ਹੈ। ਵਵੀਲਾਲਾ ਹਿਊਸਟਨ ਵਿਚ ਰਹਿੰਦੇ ਹਨ ਤੇ ‘ਫਾਊਂਡੇਸ਼ਨ ਆਫ ਇੰਡੀਆ ਸਟੱਡੀਜ਼’ ਦੇ ਚੇਅਰਮੈਨ ਵੀ ਹਨ।