ਨਵੀਂ ਦਿੱਲੀ, 21 ਜਨਵਰੀ
ਕਾਂਗਰਸ ਨੇ ਅੱਜ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਖ਼ਿਲਾਫ਼ ਚਾਰਜਸ਼ੀਟ ਜਾਰੀ ਕਰਦਿਆਂ ਭਾਜਪਾ ਨੂੰ ‘ਭ੍ਰਿਸ਼ਟ ਜੁਮਲਾ ਪਾਰਟੀ’ ਕਰਾਰ ਦਿੱਤਾ ਅਤੇ ਦੋਸ਼ ਲਾਇਆ ਕਿ ਇਸ ਦਾ ਮੰਤਰ ‘ਕੁਝ ਕਾ ਸਾਥ, ਖੁਦ ਕਾ ਵਿਕਾਸ’ ਹੈ ਤੇ ਸਭ ਨਾਲ ਵਿਸ਼ਵਾਸਘਾਤ ਹੈ।’ ਵਿਰੋਧੀ ਧਿਰ ਕਾਂਗਰਸ ਨੇ ਇਹ ਵੀ ਕਿਹਾ ਕਿ ਭਾਰਤ ਜੋੜੋ ਯਾਤਰਾ ਦੀ ਅਗਵਾਈ ਕਰ ਰਹੇ ਰਾਹੁਲ ਗਾਂਧੀ ਸ੍ਰੀਨਗਰ ਦੇ ਲਾਲ ਚੌਕ ਇਲਾਕੇ ਵਿੱਚ ਸੂਬਾ ਕਾਂਗਰਸ ਦਫ਼ਤਰ ਵਿੱਚ ਕੌਮੀ ਝੰਡਾ ਲਹਿਰਾਉਣਗੇ ਅਤੇ ਸ਼ੇਰ-ਏ-ਕਸ਼ਮੀਰ ਸਟੇਡੀਅਮ ਵਿੱਚ ਜਨਤਕ ਮੀਟਿੰਗ ਕਰਨਗੇ। ਕਾਂਗਰਸ ਨੇ ਕਿਹਾ ਕਿ ਇਸ ਦੇ ਨਾਲ ਹੀ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਦੀ ਯਾਤਰਾ ਸਮਾਪਤ ਹੋ ਜਾਵੇਗੀ।