ਕੇਪਟਾਊਨ: ਭਾਰਤੀ ਮਹਿਲਾ ਹਾਕੀ ਟੀਮ ਨੂੰ ਸਖ਼ਤ ਟੱਕਰ ਦੇਣ ਦੇ ਬਾਵਜੂਦ ਅੱਜ ਇੱਥੇ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਦੁਨੀਆ ਦੀ ਨੰਬਰ ਇੱਕ ਟੀਮ ਨੀਦਰਲੈਂਡ ਨੇ 1-3 ਨਾਲ ਹਰਾ ਦਿੱਤਾ। ਮੇਜ਼ਬਾਨ ਦੱਖਣੀ ਅਫ਼ਰੀਕਾ ਖ਼ਿਲਾਫ਼ ਚਾਰ ਮੈਚਾਂ ਦੀ ਲੜੀ 3-0 ਨਾਲ ਜਿੱਤਣ ਮਗਰੋਂ ਸਵਿਤਾ ਪੂਨੀਆ ਦੀ ਅਗਵਾਈ ਵਾਲੀ ਟੀਮ ਨੂੰ ਦੌਰੇ ਦੀ ਆਪਣੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਮੁਕਾਬਲੇ ਦੀ ਚੰਗੀ ਸ਼ੁਰੂਆਤ ਕੀਤੀ ਅਤੇ 24 ਮਿੰਟ ਦੀ ਖੇਡ ਮਗਰੋਂ ਖਿਡਾਰਨ ਬਿਊਟੀ ਡੁੰਗਡੁੰਗ ਦੇ ਸ਼ਾਨਦਾਰ ਮੈਦਾਨੀ ਗੋਲ ਕੀਤਾ। ਭਾਰਤੀ ਟੀਮ ਹਾਲਾਂਕਿ ਅੱਧ ਸਮੇਂ ਤੱਕ ਕੋਈ ਗੋਲ ਨਹੀਂ ਬਣਾ ਸਕੀ ਅਤੇ ਨੀਦਰਲੈਂਡ ਦੀ ਟੀਮ ਨੇ 29ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ‘ਤੇ ਫੇਲਿਸ ਅਲਬਰਸ ਦੇ ਗੋਲ ਨਾਲ ਬਰਾਬਰੀ ਹਾਸਲ ਕੀਤੀ। ਤੀਜੇ ਕੁਆਰਟਰ ਵਿੱਚ ਦੋਵੇਂ ਟੀਮਾਂ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲੀ ਪਰ ਕਿਸੇ ਵੀ ਟੀਮ ਨੂੰ ਗੋਲ ਕਰਨ ਵਿੱਚ ਸਫ਼ਲਤਾ ਹਾਸਲ ਨਾ ਹੋਈ। ਆਖ਼ਰੀ ਕੁਆਰਟਰ ਵਿੱਚ ਹਾਲਾਂਕਿ ਨੀਦਰਲੈਂਡ ਨੇ ਪ੍ਰਭਾਵ ਜਮਾਉਂਦਿਆਂ ਦੋ ਗੋਲ ਹੋਰ ਦਾਗ ਕੇ ਜਿੱਤ ਦਰਜ ਕੀਤੀ। ਗੋਲ ਯਿਬੀ ਜੇਨਸਨ ਅਤੇ ਫਰੀਕ ਮੋਏਸ ਨੇ ਕੀਤੇ। -ਪੀਟੀਆਈ