ਨਵੀਂ ਦਿੱਲੀ, 23 ਜਨਵਰੀ
ਭਾਰਤੀ ਕ੍ਰਿਕਟ ਬੋਰਡ ਨੂੰ ਬੁੱਧਵਾਰ ਨੂੰ ਹੋਣ ਵਾਲੀ ਮਹਿਲਾ ਆਈਪੀਐੱਲ ਦੀਆਂ ਪੰਜ ਟੀਮਾਂ ਦੀ ਨਿਲਾਮੀ ਤੋਂ 4 ਹਜ਼ਾਰ ਕਰੋੜ ਰੁਪਏ ਦੀ ਕਮਾਈ ਹੋਣ ਦੀ ਆਸ ਹੈ। ਜਾਣਕਾਰੀ ਮੁਤਾਬਕ ਕਈ ਵੱਡੇ ਕਾਰੋਬਾਰੀ ਘਰਾਣੇ ਮਹਿਲਾ ਆਈਪੀਐੱਲ ਟੀਮ ਖ਼ਰੀਦਣ ਲਈ ਆਪਣੀ ਪੂਰੀ ਵਾਹ ਲਗਾਉਣਗੇ। ਬਾਜ਼ਾਰ ਮਾਹਿਰਾਂ ਮੁਤਾਬਕ ਟੀਮਾਂ ਦੀ ਨਿਲਾਮੀ ‘ਚ ਹਰੇਕ ਟੀਮ ਦੇ 500 ਤੋਂ 600 ਕਰੋੜ ਰੁਪਏ ‘ਚ ਵਿਕਣ ਦੀ ਉਮੀਦ ਹੈ। ਟੀਮਾਂ ਖ਼ਰੀਦਣ ਲਈ 30 ਤੋਂ ਵੱਧ ਕੰਪਨੀਆਂ ਨੇ ਪੰਜ ਕਰੋੜ ਰੁਪਏ ‘ਚ ਬੋਲੀ ਦਸਤਾਵੇਜ਼ ਖ਼ਰੀਦੇ ਹਨ। ਇਨ੍ਹਾਂ ‘ਚ ਪੁਰਸ਼ ਆਈਪੀਐੱਲ ਟੀਮਾਂ ਦਾ ਮਾਲਿਕਾਨਾ ਹੱਕ ਰੱਖਣ ਵਾਲੀਆਂ 10 ਕੰਪਨੀਆਂ ਵੀ ਸ਼ਾਮਲ ਹਨ। ਅਡਾਨੀ ਗਰੁੱਪ, ਟੋਰੈਂਟ ਗਰੁੱਪ, ਹਲਦੀਰਾਮ ਪ੍ਰਭੂਜੀ, ਕੈਪਰੀ ਗਲੋਬਲ, ਕੋਟਕ ਅਤੇ ਆਦਿੱਤਿਆ ਬਿਰਲਾ ਗਰੁੱਪ ਨੇ ਵੀ ਟੀਮਾਂ ਖ਼ਰੀਦਣ ‘ਚ ਦਿਲਚਸਪੀ ਦਿਖਾਈ ਹੈ। ਇਨ੍ਹਾਂ ‘ਚ ਉਹ ਕੰਪਨੀਆਂ ਵੀ ਸ਼ਾਮਲ ਹਨ ਜੋ 2021 ‘ਚ ਪੁਰਸ਼ ਆਈਪੀਐੱਲ ਦੀਆਂ ਦੋ ਨਵੀਆਂ ਟੀਮਾਂ ਖ਼ਰੀਦਣ ‘ਚ ਨਾਕਾਮ ਰਹੀਆਂ ਸਨ। ਪੰਜ ਟੀਮਾਂ ਦਾ ਮਹਿਲਾ ਆਈਪੀਐੱਲ ਮਾਰਚ ‘ਚ ਮੁੰਬਈ ‘ਚ ਖੇਡਿਆ ਜਾਵੇਗਾ। -ਪੀਟੀਆਈ