ਹੈਦਰਾਬਾਦ, 25 ਜਨਵਰੀ
ਕਾਂਗਰਸ ਨੇ ਉਨ੍ਹਾਂ ਮੀਡੀਆ ਰਿਪੋਰਟਾਂ ‘ਤੇ ਐੱਨਡੀਏ ਸਰਕਾਰ ਦੀ ਨਿਖੇਧੀ ਕੀਤੀ ਹੈ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਲੱਦਾਖ ਵਿਚ ਭਾਰਤ ਗਸ਼ਤ ਵਾਲੀਆਂ 65 ਥਾਵਾਂ ਵਿਚੋਂ 26 ‘ਤੇ ਗਸ਼ਤ ਕਰਨ ਵਿਚ ਨਾਕਾਮ ਹੈ। ਪਾਰਟੀ ਦੇ ਬੁਲਾਰੇ ਪਵਨ ਖੇੜਾ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2020 ਵਿਚ ਚੀਨ ਨੂੰ ਇਹ ਕਹਿੰਦਿਆਂ ‘ਕਲੀਨ ਚਿੱਟ’ ਦਿੱਤੀ ਸੀ ਕਿ ਗੁਆਂਢੀ ਮੁਲਕ ਨੇ ਘੁਸਪੈਠ ਨਹੀਂ ਕੀਤੀ ਹੈ। ਖੇੜਾ ਨੇ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਹਰੇਕ ਨਾਗਰਿਕ ਨੂੰ ਇਸ ਬਾਰੇ ਚਿੰਤਾ ਹੋਣੀ ਚਾਹੀਦੀ ਹੈ ਕਿ ਦੇਸ਼ ਇਨ੍ਹਾਂ ਥਾਵਾਂ ‘ਤੇ ਗਸ਼ਤ ਕਰਨ ਵਿਚ ਸਫ਼ਲ ਨਹੀਂ ਹੋ ਰਿਹਾ ਹੈ, ਜਦਕਿ ਪ੍ਰਧਾਨ ਮੰਤਰੀ ਨੂੰ ਚਿੰਤਾ ਨਹੀਂ ਹੈ। ਕਾਂਗਰਸ ਦੇ ਬੁਲਾਰੇ ਨੇ ਕਿਹਾ ਕਿ ਇਹ ਸਾਡੇ 20 ਬਹਾਦਰ ਸੈਨਿਕਾਂ ਦੀ ਕੁਰਬਾਨੀ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਚੀਨ ਹੁਣ ਪੂਰੇ ਵਿਸ਼ਵਾਸ ਨਾਲ ਹਰ ਕੰਮ ਕਰ ਰਿਹਾ ਹੈ। ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਹਿਲਾਂ ਪਹੁੰਚ ਵਾਲੇ ਕੁਝ ਇਲਾਕੇ ਹੁਣ ‘ਬਫ਼ਰ ਜ਼ੋਨ’ ਬਣ ਗਏ ਹਨ ਤੇ ਪ੍ਰਸ਼ਾਸਨ ਤੇ ਲੋਕਾਂ ਨੂੰ ਹੁਣ ਉੱਥੇ ਨਹੀਂ ਜਾਣ ਦਿੱਤਾ ਜਾ ਰਿਹਾ ਹੈ। -ਪੀਟੀਆਈ