ਨਵੀਂ ਦਿੱਲੀ, 25 ਜਨਵਰੀ
ਮੁੱਖ ਅੰਸ਼
- ਮਹਾਤਮਾ ਗਾਂਧੀ ਦੇ ‘ਸਰਵੋਦਿਆ’ ਬਾਰੇ ਵਿਚਾਰਾਂ ‘ਤੇ ਪਹਿਰਾ ਦੇਣ ਦੀ ਲੋੜ ਜਤਾਈ
- ਜੀ-20 ਦੀ ਪ੍ਰਧਾਨਗੀ ਅਹਿਮ ਕਰਾਰ ਦਿੱਤੀ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਹੈ ਕਿ ਸੰਵਿਧਾਨ ਨਿਰਮਾਤਾਵਾਂ ਨੇ ਮੁਲਕ ਨੂੰ ਨੈਤਿਕਤਾ ਦਾ ਸੁਨੇਹਾ ਦਿੱਤਾ ਹੈ ਜਿਸ ਦੇ ਮਾਰਗ ‘ਤੇ ਚੱਲਣ ਦੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਰਾਸ਼ਟਰਪਤੀ ਨੇ 74ਵੇਂ ਗਣਤੰਤਰ ਦਿਵਸ ਦੀ ਪੂਰਬ ਸੰਧਿਆ ‘ਤੇ ਕੌਮ ਦੇ ਨਾਮ ਆਪਣੇ ਪਲੇਠੇ ਸੰਦੇਸ਼ ‘ਚ ਕਿਹਾ ਕਿ ਸੰਵਿਧਾਨ ਦੁਨੀਆ ਦੀ ਪੁਰਾਣੀ ਸੱਭਿਅਤਾ ਦੇ ਮਾਨਵੀ ਦਰਸ਼ਨ ਅਤੇ ਨਵੇਂ ਵਿਚਾਰਾਂ ਤੋਂ ਪ੍ਰੇਰਿਤ ਹੈ। ਸ੍ਰੀਮਤੀ ਮੁਰਮੂ ਨੇ ਕਿਹਾ,”ਰਾਸ਼ਟਰ ਡਾਕਟਰ ਬੀ ਆਰ ਅੰਬੇਡਕਰ ਦਾ ਹਮੇਸ਼ਾ ਰਿਣੀ ਰਹੇਗਾ ਜਿਨ੍ਹਾਂ ਸੰਵਿਧਾਨ ਦੀ ਖਰੜਾ ਕਮੇਟੀ ਦੀ ਅਗਵਾਈ ਕੀਤੀ ਸੀ ਅਤੇ ਸੰਵਿਧਾਨ ਨੂੰ ਅੰਤਿਮ ਰੂਪ ਦੇਣ ‘ਚ ਉਨ੍ਹਾਂ ਦੀ ਅਹਿਮ ਭੂਮਿਕਾ ਸੀ। ਅੱਜ ਦੇ ਦਿਨ ਸਾਨੂੰ ਕਾਨੂੰਨੀ ਮਾਹਿਰ ਬੀ ਐੱਨ ਰਾਓ ਨੂੰ ਵੀ ਚੇਤੇ ਰੱਖਣਾ ਚਾਹੀਦਾ ਹੈ ਜਿਨ੍ਹਾਂ ਸ਼ੁਰੂਆਤੀ ਖਰੜਾ ਤਿਆਰ ਕੀਤਾ ਸੀ। ਸਾਨੂੰ ਸੰਵਿਧਾਨ ਤਿਆਰ ਕਰਨ ‘ਚ ਸਹਾਇਤਾ ਕਰਨ ਵਾਲੇ ਹੋਰ ਮਾਹਿਰਾਂ ਅਤੇ ਅਧਿਕਾਰੀਆਂ ਨੂੰ ਵੀ ਯਾਦ ਰੱਖਣਾ ਕਰਨਾ ਚਾਹੀਦਾ ਹੈ।” ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਨੂੰ ਇਸ ਗੱਲ ‘ਤੇ ਮਾਣ ਹੈ ਕਿ ਉਸ ਅਸੈਂਬਲੀ ਦੇ ਮੈਂਬਰਾਂ ‘ਚ ਸਾਰੇ ਖ਼ਿੱਤਿਆਂ ਅਤੇ ਭਾਈਚਾਰਿਆਂ ਦੇ ਨੁਮਾਇੰਦੇ ਸਨ ਅਤੇ ਉਨ੍ਹਾਂ ‘ਚ 15 ਮਹਿਲਾਵਾਂ ਵੀ ਸ਼ਾਮਲ ਕੀਤੀਆਂ ਗਈਆਂ ਸਨ। ‘ਉਨ੍ਹਾਂ ਦਾ ਨਜ਼ਰੀਆ ਸੰਵਿਧਾਨ ‘ਚ ਝਲਕਦਾ ਹੈ ਜੋ ਸਾਡੇ ਗਣਤੰਤਰ ਦਾ ਲਗਾਤਾਰ ਮਾਰਗ ਦਰਸ਼ਨ ਕਰ ਰਿਹਾਹੈ। ਇਸ ਸਮੇਂ ਦੌਰਾਨ ਭਾਰਤ ਗਰੀਬ ਅਤੇ ਅਨਪੜ੍ਹ ਮੁਲਕ ਤੋਂ ਭਰੋਸੇਮੰਦ ਮੁਲਕ ‘ਚ ਬਦਲ ਗਿਆ ਜੋ ਹੁਣ ਆਲਮੀ ਪੱਧਰ ‘ਤੇ ਅਗਾਂਹ ਵਧ ਰਿਹਾ ਹੈ।’ ਰਾਸ਼ਟਰਪਤੀ ਨੇ ਕਿਹਾ ਕਿ ਇਹ ਬਦਲਾਅ ਸੰਵਿਧਾਨ ਨਿਰਮਾਤਾਵਾਂ ਦੇ ਗਿਆਨ ਬਿਨਾਂ ਸੰਭਵ ਨਹੀਂ ਸੀ ਜਿਨ੍ਹਾਂ ਸਾਡੀ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਮੁਲਕ ਬਾਬਾ ਸਾਹੇਬ ਅੰਬੇਡਕਰ ਅਤੇ ਹੋਰਾਂ ਦੀਆਂ ਆਸਾਂ ‘ਤੇ ਖਰਾ ਉਤਰਿਆ ਹੈ ਪਰ ਫਿਰ ਵੀ ਸਾਨੂੰ ਅਜੇ ਬਹੁਤਾ ਕੁਝ ਕਰਨ ਦੀ ਲੋੜ ਹੈ ਤਾਂ ਜੋ ਗਾਂਧੀਜੀ ਦੇ ‘ਸਰਵੋਦਿਆ’ (ਸਾਰਿਆਂ ਦੀ ਤਰੱਕੀ) ਬਾਰੇ ਵਿਚਾਰ ਨੂੰ ਅਮਲੀ ਰੂਪ ਦਿੱਤਾ ਜਾ ਸਕੇ। ‘ਉਂਜ ਸਾਡੇ ਵੱਲੋਂ ਸਾਰੇ ਮੁਹਾਜ਼ਾਂ ‘ਤੇ ਕੀਤੀ ਗਈ ਪ੍ਰਗਤੀ ਉਤਸ਼ਾਹਪੂਰਨ ਹੈ।’ ਰਾਸ਼ਟਰਪਤੀ ਨੇ ਕਿਹਾ ਕਿ ਜੀ-20 ਆਲਮੀ ਤਪਸ਼ ਅਤੇ ਵਾਤਾਵਰਨ ਬਦਲਾਅ ਜਿਹੀਆਂ ਸਮੱਸਿਆਵਾਂ ‘ਤੇ ਚਰਚਾ ਅਤੇ ਹੱਲ ਲਈ ਢੁੱਕਵਾਂ ਮੰਚ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਠਾਏ ਗਏ ਕਦਮਾਂ ਕਾਰਨ ਹੁਣ ਦੁਨੀਆ ਭਾਰਤ ਵੱਲ ਦੇਖਣ ਲੱਗ ਪਈ ਹੈ। ਰਾਸ਼ਟਰਪਤੀ ਨੇ ਕਿਹਾ ਕਿ ਪਿਛਲੇ ਸਾਲ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਆਰਥਿਕਤਾ ਬਣ ਗਿਆ ਅਤੇ ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਇਹ ਉਪਲੱਬਧੀ ਆਰਥਿਕ ਬੇਯਕੀਨੀ ਨਾਲ ਭਰੇ ਆਲਮੀ ਪਿਛੋਕੜ ‘ਚ ਹਾਸਲ ਕੀਤੀ ਗਈ ਹੈ। ਸਰਕਾਰ ਦੀਆਂ ਕਲਿਆਣ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਕਈ ਖੇਤਰਾਂ ‘ਚ ਵਿਸ਼ੇਸ਼ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ ਅਤੇ ਇਹ ਤਸੱਲੀ ਵਾਲੀ ਗੱਲ ਹੈ ਕਿ ਜਿਹੜੇ ਲੋਕ ਹਾਸ਼ੀਏ ‘ਤੇ ਧੱਕੇ ਗਏ ਸਨ, ਉਨ੍ਹਾਂ ਨੂੰ ਵੀ ਯੋਜਨਾਵਾਂ ਅਤੇ ਪ੍ਰੋਗਰਾਮਾਂ ‘ਚ ਸ਼ਾਮਲ ਕੀਤਾ ਗਿਆ। -ਪੀਟੀਆਈ