ਇਸਲਾਮਾਬਾਦ, 29 ਜਨਵਰੀ
ਡਾਲਰ ਦੇ ਮੁਕਾਬਲੇ ਰੁਪਏ ਦੀ ਡਿੱਗਦੀ ਕੀਮਤ ਕਰਕੇ ਨਗ਼ਦੀ ਦੀ ਕਮੀ ਨਾਲ ਜੂਝ ਰਹੀ ਪਾਕਿਸਤਾਨ ਸਰਕਾਰ ਨੇ ਅੱਜ ਪੈਟਰੋਲ ਤੇ ਡੀਜ਼ਲ ਦੇ ਭਾਅ ਵਿੱਚ 35-35 ਰੁਪਏ ਪ੍ਰਤੀ ਲਿਟਰ ਦਾ ਇਜ਼ਾਫਾ ਕਰ ਦਿੱਤਾ ਹੈ। ਵਿੱਤ ਮੰਤਰੀ ਇਸਾਕ ਡਾਰ ਨੇ ਅੱਜ ਟੈਲੀਵਿਜ਼ਨ ‘ਤੇ ਸੰਬੋਧਨ ਕਰਦਿਆਂ ਤੇਲ ਕੀਮਤਾਂ ਵਿੱਚ ਵਾਧੇ ਦਾ ਐਲਾਨ ਕੀਤਾ। ਸ਼ਾਹਬਾਜ਼ ਸਰਕਾਰ ਨੇ ਮਿੱਟੀ ਦੇ ਤੇਲ ਦਾ ਭਾਅ ਵੀ 18 ਰੁਪਏ ਲਿਟਰ ਵਧਾ ਦਿੱਤਾ ਹੈ। ਕੀਮਤਾਂ ਵਿੱਚ ਵਾਧੇ ਨਾਲ ਪਾਕਿਸਤਾਨ ਵਿੱਚ ਪੈਟਰੋਲ ਦਾ ਭਾਅ 249.80 ਰੁਪਏ ਪ੍ਰਤੀ ਲਿਟਰ, ਹਾਈ ਸਪੀਡ ਡੀਜ਼ਲ ਦਾ 262.80 ਰੁਪਏ ਤੇ ਮਿੱਟੀ ਦੇ ਤੇਲ ਦਾ 189.23 ਰੁਪਏ ਪ੍ਰਤੀ ਲਿਟਰ ਨੂੰ ਪੁੱਜ ਗਿਆ ਹੈ। -ਪੀਟੀਆਈ