ਸਤਵਿੰਦਰ ਬਸਰਾ
ਲੁਧਿਆਣਾ, 28 ਜਨਵਰੀ
35ਵੀਆਂ ਜਰਖੜ ਖੇਡਾਂ ਦੇ ਦੂਜੇ ਦਿਨ ਕਬੱਡੀ, ਹਾਕੀ, ਵਾਲੀਬਾਲ ਤੇ ਕੁਸ਼ਤੀਆਂ ਦੇ ਮੁਕਾਬਲੇ ਦੇਖਣ ਨੂੰ ਮਿਲ਼ੇ। ਇਸ ਦੌਰਾਨ ਖਿਡਾਰੀਆਂ ਦੀ ਹੌਸਲਾਅਫਜ਼ਾਈ ਲਈ ਕੈਬਨਿਟ ਮੰਤਰੀ ਅਮਨ ਅਰੋੜਾ, ਵਿਧਾਇਕ ਗੁਰਪ੍ਰੀਤ ਗੋਗੀ, ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ, ਚੇਅਰਮੈਨ ਨਵਜੋਤ ਸਿੰਘ ਜਰਗ, ਚੇਅਰਮੈਨ ਤਰਸੇਮ ਭਿੰਡਰ, ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਡਾ. ਨਿਰਮਲ ਜੌੜਾ, ਭੰਗੜਾ ਕੋਚ ਰਵਿੰਦਰ ਰੰਗੂਵਾਲ, ਤਾਰਾ ਸਿੰਘ ਸੰਧੂ ਯੂ ਐਸ ਏ ਸਮੇਤ ਅਹਿਮ ਹਸਤੀਆਂ ਪੁੱਜੀਆਂ।
ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਵਿਚ ਦੂਜੇ ਦਿਨ ਹੋਏ ਹਾਕੀ ਮੁਕਾਬਲਿਆਂ ਵਿਚ ਹਾਬੜੀ (ਹਰਿਆਣਾ) ਤੇ ਉਤਰੀ ਰੇਲਵੇ ਵਿਚਾਲ਼ੇ ਮੈਚ 2-2 ਨਾਲ਼ ਬਰਾਬਰ ਰਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਨੇ ਲੁਧਿਆਣੇ ਨੂੰ 8-0 ਨਾਲ਼, ਥੂਹੀ ਅਕੈਡਮੀ ਨਾਭਾ ਨੇ ਜਗਤਾਰ ਇਲੈਵਨ ਜਰਖੜ ਨੂੰ 4-2 ਨਾਲ਼, ਜਰਖੜ ਅਕੈਡਮੀ ਨੇ ਨਨਕਾਣਾ ਸਾਹਿਬ ਪਬਲਿਕ ਸਕੂਲ ਅਮਰਗੜ੍ਹ ਨੂੰ 7-1, ਤੇਹਿੰਗ ਅਕਾਡਮੀ ਨੇ ਰਾਮਪੁਰ ਕੋਚਿੰਗ ਸੈਂਟਰ ਨੂੰ 3-2 ਨਾਲ਼, ਉੱਤਰੀ ਰੇਲਵੇ ਨੇ ਬਠਿੰਡਾ ਨੂੰ 8-3, ਜਦਕਿ ਈਗਲਜ਼ ਨੇ ਤੇਹਿੰਗ ਨੂੰ 7-4 ਹਰਾਇਆ।
ਕਬੱਡੀ ਇਕ ਪਿੰਡ ਓਪਨ ਦੇ ਮੁੱਢਲੇ ਮੈਚਾਂ ਵਿਚ ਬੜਵਾਲ਼ੀ ਨੇ ਖਾਨਪੁਰ, ਲਸਾੜਾ ਨੇ ਕੰਗਣਵਾਲ਼, ਜੱਸੋਵਾਲ਼ ਨੇ ਸਾਇਆਂ ਨੂੰ, ਚੰਨਣਵਾਲ ਨੇ ਰਣੀਆ, ਠੀਕਰੀਵਾਲ਼ ਨੇ ਬੱਸੀਆਂ ਨੂੰ, ਤਲਵੰਡੀ ਰਾਏ ਨੇ ਧਮੋਟ, ਹਠੂਰ ਨੇ ਬਡਰੁੱਖਾਂ ਨੂੰ, ਨੂਰਾ ਮਾਹੀ ਰਾਏਕੋਟ ਨੇ ਮੰਡੀਆਂ ਨੂੰ ਜਦੋਂਕਿ ਰਾਮਾ ਨੇ ਛੀਨੀਵਾਲ਼ ਨੂੰ ਹਰਾਇਆ। ਦੂਜੇ ਗੇੜ ਵਿਚ ਚੰਨਣਵਾਲ਼ ਨੇ ਜੱਸੋਵਾਲ਼ ਨੂੰ, ਤਲਵੰਡੀ ਰਾਏ ਨੇ ਬੜਵਾਲ਼ੀ ਨੂੰ, ਨੂਰਾ ਮਾਹੀ ਰਾਏਕੋਟ ਨੇ ਦੌਣ ਕਲਾਂ ਪਟਿਆਲ਼ਾ ਨੂੰ, ਹਠੂਰ ਨੇ ਠੀਕਰੀਵਾਲ਼ ਨੂੰ, ਚੰਨਣਵਾਲ਼ ਨੇ ਕਟਾਰੀ ਨੂੰ, ਲਸਾੜਾ ਨੇ ਰਾਮਾ ਕਲੱਬ ਮੋਗਾ ਨੂੰ ਹਰਾਇਆ। ਇਸ ਮੌਕੇ ਚੈਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਪ੍ਰਧਾਨ ਹਰਕਮਲ ਸਿੰਘ ਵੀ ਹਾਜ਼ਰ ਸਨ।
ਜਗਰੂਪ ਸਿੰਘ ਨੇ ਦੱਸਿਆ ਕਿ 29 ਜਨਵਰੀ ਨੂੰ ਖੇਡਾਂ ਦੀ ਸਮਾਪਤੀ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਨਗੇ ਅਤੇ ਲੋਕ ਗਾਇਕ ਹਰਭਜਨ ਮਾਨ ਦਾ ਅਖਾੜਾ ਲੱਗੇਗਾ। ਇਸ ਤੋਂ ਇਲਾਵਾ ਪ੍ਰਸਿੱਧ ਖੇਡ ਲਿਖਾਰੀ ਪ੍ਰਿੰ. ਸਰਵਣ ਸਿੰਘ ਸਣੇ ਹੋਰਾਂ ਦਾ ਸਨਮਾਨ ਕੀਤਾ ਜਾਵੇਗਾ।