ਪੈਰਿਸ, 31 ਜਨਵਰੀ
ਫਰਾਂਸ ਵਿਚ ਪੈਨਸ਼ਨ ਢਾਂਚੇ ‘ਚ ਸੋਧ ਖ਼ਿਲਾਫ਼ ਵੱਡੇ ਪੱਧਰ ‘ਤੇ ਰੋਸ ਮੁਜ਼ਾਹਰੇ ਹੋ ਰਹੇ ਹਨ। ਫਰਾਂਸ ਦੇ ਲੇਬਰ ਆਗੂ ਲੱਖਾਂ ਦੀ ਗਿਣਤੀ ਵਿਚ ਮੁਜ਼ਾਹਰਾਕਾਰੀਆਂ ਨੂੰ ਸੜਕਾਂ ‘ਤੇ ਲਿਆਉਣ ਲਈ ਜੱਦੋਜਹਿਦ ਕਰ ਰਹੇ ਹਨ। ਇਹ ਆਗੂ ਫਰਾਂਸ ਵਿਚ ਸੇਵਾਮੁਕਤੀ ਦੀ ਉਮਰ ਨੂੰ ਘਟਾਉਣ ਦੀ ਮੰਗ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਫਰਾਂਸ ਵਿਚ ਸੇਵਾਮੁਕਤੀ ਦੀ ਉਮਰ 62 ਤੋਂ ਵਧਾ ਕੇ 64 ਸਾਲ ਕਰਨ ਲਈ ਬਿੱਲ ਪੇਸ਼ ਕੀਤਾ ਗਿਆ ਹੈ। ਸਰਕਾਰ ਲਈ ਇਹ ਮੁਜ਼ਾਹਰੇ ਚੁਣੌਤੀ ਬਣ ਗਏ ਹਨ। ਜਦਕਿ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਦੀ ਸਰਕਾਰ ਦਾ ਕਹਿਣਾ ਹੈ ਕਿ ਉਹ ਪੈਨਸ਼ਨ ਸੁਧਾਰ ਬਾਰੇ ਆਪਣਾ ਚੋਣਾਂ ਮੌਕੇ ਕੀਤਾ ਅਹਿਦ ਪੂਰਾ ਕਰਨ ਦਾ ਯਤਨ ਕਰ ਰਹੇ ਹਨ। ਲੇਬਰ ਜਥੇਬੰਦੀਆਂ ਤੇ ਖੱਬੇ ਪੱਖੀ ਆਗੂ ਸੰਸਦ ਵਿਚ ਮੈਕਰੋਂ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ। ਕਈ ਸਕੂਲ ਦੇ ਹੋਰ ਖੇਤਰ ਵੀ ਹੜਤਾਲ ਦੇ ਘੇਰੇ ਵਿਚ ਹਨ। ਫਰਾਂਸ ਦੇ ਰੇਡੀਓ ਸਟੇਸ਼ਨਾਂ ਨੂੰ ਹੜਤਾਲ ਕਾਰਨ ਅੱਜ ਸਵੇਰੇ ਆਪਣੇ ਸ਼ੋਅ ਰੱਦ ਕਰਨੇ ਪਏ ਤੇ ਸਰੋਤਿਆਂ ਨੂੰ ਗੀਤ ਸੁਣਨੇ ਪਏ। -ਏਪੀ