ਪੱਤਰ ਪ੍ਰੇਰਕ
ਫਰੀਦਾਬਾਦ, 4 ਫਰਵਰੀ
ਇੱਥੇ ਸੂਰਜਕੁੰਡ ਮੇਲੇ ਵਿੱਚ ਪੰਜਾਬ ਤੋਂ ਆਈ ਭੰਗੜਾ ਟੀਮ ਵੱਲੋਂ ਦਿੱਤੀ ਗਈ ਪੇਸ਼ਕਾਰੀ ਨੇ ਦਰਸ਼ਕਾਂ ਦਾ ਖ਼ੂਬ ਮੰਨੋਰਜਨ ਕੀਤਾ। ਮੇਲੇ ਵਿੱਚ ਵਿਦੇਸ਼ੀ ਨਾਚਾਂ ਦੇ ਦੌਰ ਦੌਰਾਨ ਪੰਜਾਬੀ ਲੋਕ ਨਾਚ ਦਰਸ਼ਕਾਂ ‘ਤੇ ਆਪਣਾ ਪ੍ਰਭਾਵ ਪਾਉਣ ਵਿੱਚ ਸਫ਼ਲ ਰਿਹਾ। ਕੌਮਾਂਤਰੀ ਮੇਲੇ ਵਿੱਚ ਚੌਪਾਲ ਦੀ ਸਟੇਜ ‘ਤੇ ਮੈਡਗਾਸਕਰ, ਕਿਰਗਿਜ਼ਸਤਾਨ, ਯੂਗਾਂਡਾ, ਘਾਨਾ, ਕਜ਼ਾਕਿਸਤਾਨ ਸਮੇਤ ਦੇਸ਼ਾਂ ਦੇ ਕਲਾਕਾਰਾਂ ਨੇ ਅਜਿਹਾ ਮਾਹੌਲ ਸਿਰਜਿਆ ਕਿ ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ‘ਚ ਦਰਸ਼ਕ ਜੁੜ ਗਏ| 36ਵੇਂ ਕੌਮਾਂਤਰੀ ਮੇਲੇ ‘ਚ ਅੱਜ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਫੂਡ ਕੋਰਟ ‘ਚ ਜਿੱਥੇ ਇੱਕ ਪਾਸੇ ਲੋਕ ਅਸਾਮ, ਰਾਜਸਥਾਨ, ਪੰਜਾਬ, ਦਿੱਲੀ, ਕੇਰਲਾ ਆਦਿ ਸੂਬਿਆਂ ਦੇ ਪਕਵਾਨਾਂ ਦਾ ਸੁਆਦ ਮਾਣ ਰਹੇ ਸਨ, ਉੱਥੇ ਹੀ ਦੂਜੇ ਪਾਸੇ ਫੂਡ ਕੋਰਟ ਦੇ ਹੇਠਾਂ ਚੌਪਾਲ ਦੀ ਸਟੇਜ ਉੱਤੇ ਵਿਦੇਸ਼ੀ ਕਲਾਕਾਰਾਂ ਨੇ ਆਪਣੇ ਹੁਨਰ ਨਾਲ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਇੱਥੇ ਮੈਡਗਾਸਕਰ ਦੇ ਕਲਾਕਾਰਾਂ ਨੇ ਆਪਣੇ ਨਾਚ ਨਾਲ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਦੇ ਪ੍ਰੋਗਰਾਮ ਦੌਰਾਨ ਸੀਟੀਆਂ ਤੇ ਤਾੜੀਆਂ ਗੂੰਜਦੀਆਂ ਰਹੀਆਂ। ਕਿਰਗਿਜ਼ਸਤਾਨ ਦੇ ਕਲਾਕਾਰਾਂ ਨੇ ‘ਕੰਬੋਜ’ ਸਾਜ਼ ਦੀਆਂ ਧੁਨਾਂ ‘ਤੇ ਨਾਚ ਪੇਸ਼ ਕੀਤਾ ਜਿਸ ਦੀ ਦਰਸ਼ਕਾਂ ਨੇ ਭਰਪੂਰ ਸ਼ਲਾਘਾ ਕੀਤੀ। ਕਲਾਕਾਰਾਂ ਨੇ ਦੱਸਿਆ ਕਿ ਉੱਥੋਂ ਦੇ ਨੌਜਵਾਨਾਂ ਅਤੇ ਮੁਟਿਆਰਾਂ ਨੂੰ ਬਚਪਨ ਤੋਂ ਹੀ ਇਸ ਸਾਜ਼ ਨੂੰ ਵਜਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਘਾਨਾ ਦੇ ਕਲਾਕਾਰਾਂ ਨੇ ਵਾਕਾਮਾਨਸਾ ਡੈਮੋ ਨਾਚ ਨਾਲ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਕਲਾਕਾਰਾਂ ਨੇ ਦੱਸਿਆ ਕਿ ਇਹ ਨਾਚ ਸ਼ਿਕਾਰ ਦੀ ਸਫ਼ਲਤਾ ‘ਤੇ ਕੀਤਾ ਜਾਂਦਾ ਹੈ। ਯੁਗਾਂਡਾ ਦੇ ਲੋਕ ਕਲਾਕਾਰਾਂ ਦਾ ਨਾਚ ਵੀ ਵੇਖਣ ਯੋਗ ਸੀ।