ਨਵੀਂ ਦਿੱਲੀ, 6 ਫਰਵਰੀ
ਸੁਪਰੀਮ ਕੋਰਟ ਨੇ ਅੱਜ ਮਹਿਲਾ ਵਕੀਲ ਲੇਕਸ਼ਮਨਾ ਚੰਦਰ ਵਿਕਟੋਰੀਆ ਗੌਰੀ ਨੂੰ ਮਦਰਾਸ ਹਾਈ ਕੋਰਟ ਵਿੱਚ ਜੱਜ ਨਿਯੁਕਤ ਕਰਨ ਨੂੰ ਚੁਣੌਤੀ ਦਿੰਦੀ ਪਟੀਸ਼ਨ ‘ਤੇ ਮੁੜ ਵਿਚਾਰ ਕਰਦਿਆਂ ਤੁਰੰਤ ਸੁਣਵਾਈ ਲਈ ਸਹਿਮਤੀ ਦੇ ਦਿੱਤੀ ਹੈ। ਸਿਖਰਲੀ ਅਦਾਲਤ ਨੇ ਮਾਮਲੇ ‘ਤੇ ਸੁਣਵਾਈ ਤਰੀਕ 10 ਫਰਵਰੀ ਦੀ ਬਜਾਏ ਹੁਣ 7 ਫਰਵਰੀ ਕਰ ਦਿੱਤੀ ਹੈ। ਇਸ ਪਹਿਲਾਂ ਸੁਪਰੀਮ ਕੋਰਟ ਦੇ ਇੱਕ ਬੈਂਚ ਨੇ ਅੱਜ ਹੀ ਗੌਰੀ ਦੀ ਨਿਯੁਕਤੀ ਨੂੰ ਚੁਣੌਤੀ ਦਿੰਦੀ ਪਟੀਸ਼ਨ ‘ਤੇ 10 ਫਰਵਰੀ ਨੂੰ ਸੁਣਵਾਈ ਕਰਨ ਦੀ ਸਹਿਮਤੀ ਦਿੱਤੀ ਸੀ। ਸੀਜੇਆਈ ਡੀ.ਵਾਈ. ਚੰਦਰਚੂੜ, ਜਸਟਿਸ ਪੀ.ਐੱਸ. ਨਰਸਿਮ੍ਹਾ ਅਤੇ ਜਸਟਿਸ ਜੇ.ਬੀ. ਪਾਰਦੀਵਾਲਾ ਦੇ ਬੈਂਚ ਨੇ ਸੀਨੀਅਰ ਵਕੀਲ ਰਾਜੂ ਰਾਮਾਚੰਦਰਨ ਵੱਲੋਂ ਗੌਰੀ ਦੀ ਇੱਕ ਵਧੀਕ ਜੱਜ ਵਜੋਂ ਨਿਯੁਕਤੀ ਦੇ ਮਾਮਲੇ ‘ਤੇ ਧਿਆਨ ਦਿਵਾਏ ਜਾਣ ‘ਤੇ ਕਿਹਾ, ”ਅਸੀਂ ਮਾਮਲੇ ਵਿੱਚ ਘਟਨਾਕ੍ਰਮ ਦਾ ਨੋਟਿਸ ਲਿਆ ਹੈ। ਅਸੀਂ ਇਸ ਨੂੰ ਭਲਕੇ ਸਵੇਰ ਲਈ ਸੂਚੀਬੱਧ ਕਰ ਸਕਦੇ ਹਾਂ। ਅਸੀਂ ਇੱਕ ਬੈਂਚ ਕਾਇਮ ਕਰ ਸਕਦੇ ਹਾਂ।” ਵਕੀਲ ਦੀਆਂ ਮੁਸਲਿਮ ਅਤੇ ਈਸਾਈ ਭਾਈਚਾਰਿਆਂ ਖ਼ਿਲਾਫ਼ ਕਥਿਤ ਟਿੱਪਣੀਆਂ ਜਨਤਕ ਤੌਰ ‘ਤੇ ਸਾਹਮਣੇ ਆਈਆਂ ਹਨ। -ਪੀਟੀਆਈ