ਨਵੀਂ ਦਿੱਲੀ, 6 ਫਰਵਰੀ
ਭਾਰਤ ਦੇ ਚੀਫ ਜਸਟਿਸ (ਸੀਜੇਆਈ) ਡੀ.ਵਾਈ. ਚੰਦਰਚੂੜ ਨੇ ਅੱਜ ਸੁਪਰੀਮ ਕੋਰਟ ਦੇ ਪੰਜ ਨਵੇਂ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਪੰਜ ਨਵੇਂ ਜੱਜਾਂ ਦੀ ਨਿਯੁਕਤੀ ਲਈ ਵਾਰੰਟਾਂ ‘ਤੇ ਸ਼ਨਿਚਰਵਾਰ ਨੂੰ ਦਸਤਖ਼ਤ ਕੀਤੇ ਸਨ। ਸੁਪਰੀਮ ਕੋਰਟ ਕੰਪਲੈਕਸ ਵਿੱਚ ਸਹੁੰ ਚੁੱਕ ਸਮਾਗਮ ਦੌਰਾਨ 5 ਜੱਜਾਂ ਜਸਟਿਸ ਪੰਕਜ ਮਿਥਲ, ਜਸਟਿਸ ਸੰਜੈ ਕਰੋਲ, ਜਸਟਿਸ ਪੀ.ਵੀ. ਸੰਜੈ ਕੁਮਾਰ, ਜਸਟਿਸ ਅਹਿਸਾਨਉਦਦੀਨ ਅਮਾਨਉੱਲ੍ਹਾ ਅਤੇ ਜਸਟਿਸ ਮਨੋਜ ਮਿਸ਼ਰਾ ਨੂੰ ਸਹੁੰ ਚੁਕਾਈ ਗਈ। ਇਨ੍ਹਾਂ ਪੰਜ ਨਵੇਂ ਜੱਜਾਂ ਦੀ ਨਿਯੁਕਤੀ ਨਾਲ ਹੀ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਕੁੱਲ ਗਿਣਤੀ ਵਧ ਕੇ 32 ਹੋ ਗਈ ਹੈ ਜਿਹੜੀ ਮਨਜ਼ੂਰ ਸਮਰੱਥਾ ਤੋਂ ਸਿਰਫ 2 ਘੱਟ ਹੈ। ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਪਿਛਲੇ ਸਾਲ 13 ਦਸੰਬਰ ਨੂੰ ਸਿਖਰਲੀ ਅਦਾਲਤ ਵਿੱਚ ਤਰੱਕੀਯਾਬ ਕਰਨ ਇਨ੍ਹਾਂ ਪੰਜ ਜੱਜਾਂ ਦੇ ਨਾਵਾਂ ਦੀ ਸਿਫਾਰਸ਼ ਕੀਤੀ ਸੀ।